ਭਾਰਤੀ ਪੁਰਸ਼ ਹਾਕੀ ਟੀਮ ਨੇ ਹਮਲਾਵਰ ਹਾਕੀ ਦਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਤੇ ਯੂਰਪੀ ਚੈਂਪੀਅਨ ਬੈਲਜੀਅਮ ਨੂੰ ਪੰਜਵੇਂ ਤੇ ਆਖ਼ਰੀ ਮੈਚ ’ਚ 5-1 ਨਾਲ ਹਰਾ ਕੇ ਬੈਲਜੀਅਮ ਦੌਰੇ ਵਿੱਚ ਆਪਣਾ ਸੌ ਫ਼ੀਸਦੀ ਰਿਕਾਰਡ ਕਾਇਮ ਰੱਖਿਆ। ਦੁਨੀਆਂ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਦੌਰੇ ’ਤੇ ਪੰਜ ਮੈਚ ਜਿੱਤੇ।
ਪਹਿਲੇ ਮੈਚ ਵਿੱਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਅਗਲੇ ਦੋ ਮੈਚਾਂ ’ਚ ਸਪੇਨ ਨੂੰ 6-1 ਅਤੇ 5-1 ਨਾਲ ਮਾਤ ਦਿੱਤੀ। ਇਸ ਤੋਂ ਬਾਅਦ 2-1 ਅਤੇ 5-1 ਨਾਲ ਮੁਕਾਬਲੇ ਜਿੱਤੇ। ਸਿਮਰਨਜੀਤ ਸਿੰਘ ਨੇ ਸੱਤਵੇਂ, ਲਲਿਤ ਕੁਮਾਰ ਉਪਾਧਿਆਏ ਨੇ 35ਵੇਂ, ਵਿਵੇਕ ਸਾਗਰ ਪ੍ਰਸਾਦ ਨੇ 36ਵੇਂ, ਹਰਮਨਪ੍ਰੀਤ ਸਿੰਘ ਨੇ 42ਵੇਂ ਅਤੇ ਰਮਨਦੀਪ ਸਿੰਘ ਨੇ 43ਵੇਂ ਮਿੰਟ ਵਿੱਚ ਗੋਲ ਕੀਤੇ। ਆਪਣੇ ਅਸ਼ਵਮੇਧੀ ਅਭਿਆਨ ਨਾਲ ਉਤਸ਼ਾਹਿਤ ਭਾਰਤੀ ਟੀਮ ਨੇ ਸੱਤਵੇਂ ਮਿੰਟ ’ਚ ਸਿਮਰਨਜੀਤ ਦੇ ਗੋਲ ਨਾਲ ਬੜ੍ਹਤ ਬਣਾਈ। ਬੈਲਜੀਅਮ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਨੌਵੇਂ ਮਿੰਟ ’ਚ ਕ੍ਰਿਸ਼ਨਨ ਬੀ ਪਾਠਕ ਨੇ ਪੈਨਲਟੀ ਕਾਰਨਰ ਬਚਾਅ ਲਿਆ।
ਦੂਜੇ ਕੁਆਰਟਰ ਵਿੱਚ ਬੈਲਜੀਅਮ ਨੂੰ 16ਵੇਂ ਮਿੰਟ ’ਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਪਾਠਕ ਨੇ ਮੁੜ ਉਹੀ ਮੁਸਤੈਦੀ ਦਿਖਾਈ। ਤੀਜੇ ਕੁਆਰਟਰ ਵਿੱਚ ਭਾਰਤ ਲਈ 35ਵੇਂ ਮਿੰਟ ’ਚ ਲਲਿਤ ਨੇ ਗੋਲ ਕਰ ਕੇ ਬੜ੍ਹਤ ਦੁੱਗਣੀ ਕਰ ਦਿੱਤੀ। ਅਗਲੇ ਮਿੰਟ ’ਚ ਨੌਜਵਾਨ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕੀਤਾ। ਬੈਲਜੀਅਮ ਨੂੰ 38ਵੇਂ ਮਿੰਟ ’ਚ ਮੁੜ ਪੈਨਲਟੀ ਕਾਰਨਰ ਮਿਲਿਆ ਪਰ ਪੀ.ਆਰ. ਸ੍ਰੀਜੇਸ਼ ਨੇ ਡਾਈਵ ਲਗਾ ਕੇ ਗੋਲ ਬਚਾਇਆ। ਅਗਲੇ ਹੀ ਮਿੰਟ ਹਾਲਾਂਕਿ ਅਲੈਗਜ਼ੈਂਡਰ ਹੈਂਡਰਿਕਸ ਨੇ ਗੋਲ ਕਰ ਕੇ ਸਕੋਰ 3-1 ਕਰ ਦਿੱਤਾ। ਭਾਰਤ ਨੇ ਹਾਲਾਂਕਿ ਤੀਜਾ ਕੁਆਰਟਰ ਖ਼ਤਮ ਹੋਣ ਤੋਂ ਪਹਿਲਾਂ ਦੋ ਮਿੰਟ ’ਚ ਦੋ ਗੋਲ ਕੀਤੇ।
ਭਾਰਤ ਲਈ ਚੌਥਾ ਗੋਲ ਹਰਮਨਪ੍ਰੀਤ ਸਿੰਘ ਨੇ 42ਵੇਂ ਮਿੰਟ ’ਚ ਕੀਤਾ ਜਦੋਂਕਿ ਪੰਜਵਾਂ ਗੋਲ ਰਮਨਦੀਪ ਸਿੰਘ ਨੇ 43ਵੇਂ ਮਿੰਟ ’ਚ ਕੀਤਾ।
Sports ਹਾਕੀ: ਭਾਰਤੀ ਪੁਰਸ਼ ਟੀਮ ਵੱਲੋਂ ਬੈਲਜੀਅਮ ਦੌਰੇ ਦਾ ਅੰਤ ਜਿੱਤ ਨਾਲ