ਪਹਿਲਾ ਟੈਸਟ: ਭਾਰਤ ਨੇ 502 ਦੌੜਾਂ ’ਤੇ ਪਾਰੀ ਐਲਾਨੀ

ਮਯੰਕ ਅਗਰਵਾਲ ਦੇ ਦੋਹਰੇ ਸੈਂਕੜੇ ਤੋਂ ਬਾਅਦ ਆਪਣੇ ਸਪਿੰਨਰਾਂ ਦੇ ਬੁਣੇ ਫਿਰਕੀ ਦੇ ਜਾਲ਼ ਦੇ ਜ਼ੋਰ ’ਤੇ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦੱਖਣੀ ਅਫ਼ਰੀਕਾ ’ਤੇ ਸ਼ਿਕੰਜਾ ਕੱਸ ਦਿੱਤਾ। ਭਾਰਤ ’ਚ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਮਯੰਕ ਅਗਰਵਾਲ ਨੇ ਜਬਰਦਸਤ ਧੀਰਜ ਦਾ ਪ੍ਰਦਰਸ਼ਨ ਕਰਦੇ ਹੋਏ 371 ਗੇਂਦਾਂ ਵਿੱਚ 215 ਦੌੜਾਂ ਬਣਾਈਆਂ। ਭਾਰਤ ਨੇ 136 ਓਵਰਾਂ ’ਚ ਸੱਤ ਵਿਕਟਾਂ ’ਤੇ 502 ਦੌੜਾਂ ਬਣਾ ਕੇ ਪਾਰੀ ਐਲਾਨੀ। ਜਵਾਬ ਵਿੱਚ ਦੱਖਣੀ ਅਫ਼ਰੀਕਾ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ 39 ਦੌੜਾਂ ਬਣਾਈਆਂ।
ਐਡੇਨ ਮਾਰਕਰਾਮ (05), ਥਿਊਨਿਸ ਡੀ ਬਰੂਨ (04) ਅਤੇ ਡੇਨ ਪੀਟ (00) ਜਲਦੀ ਆਊਟ ਹੋ ਗਏ। ਦੱਖਣੀ ਅਫ਼ਰੀਕਾ ਹੁਣੇ ਵੀ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਤੋਂ 463 ਦੌੜਾਂ ਪਿੱਛੇ ਹੈ। ਆਰ ਅਸ਼ਵਿਨ ਨੇ ਮਾਰਕਰਾਮ ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਡੀ ਬਰੂਨ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਰਵਿੰਦਰ ਜਡੇਜਾ ਨੇ ਪੀਟ ਨੂੰ ਆਊਟ ਕੀਤਾ।
ਪਹਿਲਾ ਦਿਨ ਜਿੱਥੇ ਰੋਹਿਤ ਸ਼ਰਮਾ ਦੇ ਨਾਂ ਰਿਹਾ, ਉੱਥੇ ਹੀ ਦੂਜਾ ਦਿਨ ਮਯੰਕ ਅਗਰਵਾਲ ਨੇ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ। ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਅਤੇ ਤਿੰਨ ਮਾਹਿਰ ਸਪਿੰਨਰ ਵੀ ਭਾਰਤੀ ਬੱਲੇਬਾਜ਼ ਨੂੰ ਰੋਕ ਨਹੀਂ ਸਕੇ।
ਸਵੇਰੇ ਭਾਰਤ ਨੇ ਬਿਨਾ ਕਿਸੇ ਨੁਕਸਾਨ ਤੋਂ 202 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਜਦੋਂ ਰੋਹਿਤ 115 ਅਤੇ ਮਯੰਕ 84 ਦੌੜਾਂ ’ਤੇ ਖੇਡ ਰਿਹਾ ਸੀ। ਦੋਹਾਂ ਨੇ ਪਹਿਲੇ ਵਿਕਟ ਲਈ 317 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਦੋਹਾਂ ਨੇ ਵੀਰੇਂਦਰ ਸਹਿਵਾਗ ਤੇ ਰਾਹੁਲ ਦ੍ਰਾਵਿੜ ਦਾ ਦੱਖਣੀ ਅਫ਼ਰੀਕਾ ਖ਼ਿਲਾਫ਼ ਸਭ ਤੋਂ ਵੱਧ ਸਾਂਝੇਦਾਰੀ ਦਾ ਰਿਕਾਰਡ ਤੋੜਿਆ।
ਮਯੰਕ ਨੇ ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੋਰਚਾ ਸੰਭਾਲਿਆ। ਉਸ ਨੇ ਪਹਿਲਾ ਸੈਂਕੜਾ 204 ਅਤੇ ਦੂਜਾ ਸੈਂਕੜਾ 154 ਗੇਂਦਾਂ ’ਚ ਪੂਰਾ ਕੀਤਾ। ਇਸ ਤੋਂ ਪਹਿਲਾਂ ਮਯੰਕ ਨੇ ਆਸਟਰੇਲੀਆ ਤੇ ਵੈਸਟਇੰਡੀਜ਼ ਖ਼ਿਲਾਫ਼ ਚਾਰ ਟੈਸਟ ਖੇਡੇ ਹਨ। ਉਸ ਨੇ ਆਪਣੀ ਪਾਰੀ ’ਚ 23 ਚੌਕੇ ਅਤੇ ਛੇ ਛੱਕੇ ਮਾਰੇ। ਦੁਪਹਿਰ ਦਾ ਸੈਸ਼ਨ ਉਸ ਦੇ ਨਾਂ ਰਿਹਾ। ਪਹਿਲੇ ਦਿਨ ਮੀਂਹ ਪੈਣ ਕਾਰਨ ਅੱਜ ਮੈਚ 30 ਮਿੰਟ ਜ਼ਿਆਦਾ ਖੇਡਿਆ ਗਿਆ।
ਮਯੰਕ ਨੂੰ ਡੀਨ ਐਲਗਰ ਨੇ ਆਊਟ ਕੀਤਾ ਜੋ ਡੀਪ ਮਿੱਡਵਿਕਟ ’ਤੇ ਪੀਟ ਨੂੰ ਕੈਚ ਦੇ ਕੇ ਆਊਟ ਹੋ ਗਿਆ। ਚਾਹ ਦੇ ਸਮੇਂ ਤੱਕ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 450 ਦੌੜਾਂ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਵੈਰਨੌਨ ਫਿਲੈਂਡਰ ਨੇ ਪਹਿਲੀ ਹੀ ਗੇਂਦ ’ਤੇ ਚੇਤੇਸ਼ਵਰ ਪੁਜਾਰਾ (06) ਨੂੰ ਆਊਟ ਕੀਤਾ। ਕਪਤਾਨ ਵਿਰਾਟ ਕੋਹਲੀ (20) ਵੀ ਜ਼ਿਆਦਾ ਦੇਰ ਟਿਕ ਨਹੀਂ ਸਕਿਆ। ਉਹ ਸੇਨੂਰਾਨ ਮੁੱਤੂਸਵਾਮੀ ਨੂੰ ਰਿਟਰਟ ਕੈਚ ਦੇ ਕੇ ਆਊਟ ਹੋ ਗਿਆ।
ਸਵੇਰੇ ਦੇ ਸੈਸ਼ਨ ’ਚ ਮਯੰਕ ਅਗਰਵਾਲ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ ਜਦੋਂਕਿ ਰੋਹਿਤ ਨੇ 176 ਦੌੜਾਂ ਬਣਾਈਆਂ। ਰੋਹਿਤ ਨੇ ਵੀ ਆਪਣੀ ਪਾਰੀ ’ਚ 23 ਚੌਕੇ ਅਤੇ ਛੇ ਛੱਕੇ ਮਾਰੇ।

Previous articleਹਾਕੀ: ਭਾਰਤੀ ਪੁਰਸ਼ ਟੀਮ ਵੱਲੋਂ ਬੈਲਜੀਅਮ ਦੌਰੇ ਦਾ ਅੰਤ ਜਿੱਤ ਨਾਲ
Next articleਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਪੁਰਸ਼ ਫ੍ਰੀਸਟਾਈਲ ਕੋਚ ਕਰੀਮੀ ਬਰਖ਼ਾਸਤ