ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸ੍ਰੀ ਝਾੜ ਸਾਹਿਬ ਰੋਡ ’ਤੇ ਬਣਾਏ ਜਾ ਰਹੇ ਬਾਈਪਾਸ ਤੋਂ ਲੋਕਾਂ ਦਾ ਲਾਂਘਾ ਬਰਕਰਾਰ ਰੱਖਣ ਲਈ ਪੁਲ ਦੀ ਮੰਗ ਕਰ ਰਹੀਆਂ ਸਮਾਜਸੇਵੀ ਜਥੇਬੰਦੀਆਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੁਲ਼ ਬਣਾਉਣ ਲਈ ਸੰਘਰਸ਼ ਕਰ ਰਹੇ ਦਰਜਨਾਂ ਪਿੰਡਾਂ ਦੇ ਸੈਂਕੜੇ ਲੋਕਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਭਰਵੀਂ ਹਮਾਇਤ ਕਰਕੇ ਇੱਥੇ ਹਰ ਹੀਲੇ ਫਲਾਈ ਓਵਰ ਦੀ ਉਸਾਰੀ ਕਰਵਾਉਣਗੇ ਤੇ ਇਸ ਦੇ ਸਬੰਧ ’ਚ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਸੀਨੀਅਰ ਅਧਿਕਾਰੀ ਚੇਅਰਮੈਨ ਸੁਖਵੀਰ ਸਿੰਘ ਸੰਧੂ ਨਾਲ ਗੱਲਬਾਤ ਕਰਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਸਬੰਧੀ ਸਾਰੀਆਂ ਰਿਪੋਰਟਾਂ ’ਤੇ ਨਜ਼ਰਸਾਨੀ ਕਰਨ ਮਗਰੋਂ ਜਲਦੀ ਹੀ ਇੱਥੇ ਫਲਾਈਓਵਰ ਦੀ ਉਸਾਰੀ ਕਰਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਬੈਂਸ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਇੱਕੋ ਥੈਲੀ ਦੇ ਚੱਟੇ-ਵੱਟੇ ਹਨ ਤੇ ਆਪੋ-ਆਪਣੀ ਸਿਆਸਤ ਚਮਕਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂਆਂ ਸੰਤੋਖ ਸਿੰਘ, ਜਥੇਦਾਰ ਅਮਰਜੀਤ ਸਿੰਘ ਬਾਲਿਓਂ. ਪ੍ਰੋ.ਬਲਜੀਤ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਗਹਿਲੇਵਾਲ ਤੇ ਬਲਵੀਰ ਸਿੰਘ ਖੀਰਨੀਆਂ ਨੇ ਵੀ ਆਪੋ-ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਲਿਪ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਮੂਲੀਅਤ ਕਰਨ ਵਾਲਿਆਂ ’ਚ ਵਰਿੰਦਰ ਸਿੰਘ ਸੇਖੋਂ, ਤੀਰਥ ਸਿੰਘ ਸਿਹਾਲਾ, ਗਿਆਨ ਸਿੰਘ ਮੁਸ਼ਕਾਬਾਦ, ਮੁਖਤਿਆਰ ਸਿੰਘ, ਚਰਨ ਸਿੰਘ ਬਰਮਾਂ, ਦਵਿੰਦਰ ਸਿੰਘ, ਗੁਰਨਾਮ ਸਿੰਘ ਰੋਹਲੇ, ਜਗਦੇਵ ਸਿੰਘ ਸਰਪੰਚ, ਕਰਨੈਲ ਸਿੰਘ, ਤ੍ਰਿਬਤ ਸਿੰਘ, ਮੇਵਾ ਸਿੰਘ ਅਤੇ ਅਜੈਬ ਸਿੰਘ ਮੁਸ਼ਕਾਬਾਦ ਤੋਂ ਇਲਾਵਾ ਅਨੇਕਾਂ ਪਿੰਡਾਂ ਦੇ ਪੰਚ, ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ।
INDIA ਹਰ ਹੀਲੇ ਕਰਾਵਾਂਗੇ ਫਲਾਈਓਵਰ ਦਾ ਨਿਰਮਾਣ: ਬੈਂਸ