ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਚੱਕਾ ਜਾਮ

ਚੰਡੀਗੜ੍ਹ– ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਦੀਆਂ 10 ਕਿਸਾਨ ਜੱਥੇਬੰਦੀਆਂ ਵੱ ਲੋਂ ‘ਪੇਂਡੂ ਭਾਰਤ ਬੰਦ’ ਦੇ ਸੱਦੇ ਤਹਿਤ ਅੱਜ ਬਾਅਦ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਗਈ ਅਤੇ ਅੰਮ੍ਰਿਤਸਰ ਤੇ ਮਾਨਸਾ ਵਿੱਚ ਰੇਲਵੇ ਆਵਾਜਾਈ ਵੀ ਰੋਕੀ ਰੱਖੀ।
ਸੰਘਰਸ਼ ਤਾਲਮੇਲ ਕਮੇਟੀ ਦੇ ਨੁਮਾਇੰਦੇ ਡਾ. ਦਰਸ਼ਨ ਪਾਲ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਅੱਜ ਸਵੇਰੇ ਪਹਿਲਾਂ ਪਿੰਡਾਂ ਤੋਂ ਦੁੱਧ, ਚਾਰਾ, ਸਬਜ਼ੀਆਂ ਅਤੇ ਫ਼ਲਾਂ ਆਦਿ ਵਸਤਾਂ ਦੀ ਸ਼ਹਿਰਾਂ ਵੱਲ ਨੂੰ ਢੋਆ-ਢੁਆਈ ਰਾਤ 12 ਵਜੇ ਤੋਂ ਹੀ ਬੰਦ ਰੱਖੀ ਗਈ। ਇਸ ਦੇ ਨਾਲ ਹੀ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਜਾਣ ਵਾਲੀਆਂ ਵਸਤਾਂ ਦੀ ਸਪਲਾਈ ਵੀ ਨਹੀਂ ਹੋਣ ਦਿੱਤੀ ਗਈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੀ ਕੀਤੀ ਗਈ ਰਿਪੋਰਟ ਮੁਤਾਬਕ ਸਾਰੇ ਪੰਜਾਬ ਦੇ ਕੌਮੀ ਤੇ ਰਾਜ ਮਾਰਗਾਂ ਅਤੇ ਛੋਟੀਆਂ ਸੜਕਾਂ ਨੂੰ ਬੰਦ ਰੱਖਿਆ ਗਿਆ। ਸੜਕਾਂ ’ਤੇ ਲੱਗੇ ਵੱਡੇ ਧਰਨਿਆਂ ਨੂੰ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਭਾਰਤ ਦੀ ਆਰਥਿਕ-ਰਾਜਨੀਤਕ ਸਥਿਤੀ ਬਹੁਤ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਬੁਨਿਆਦੀ, ਠੋਸ ਅਤੇ ਜ਼ਰੂਰੀ ਮਸਲੇ ਜਿਵੇਂ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਦੇਣਾ, ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ ਤੋਂ ਮੁਕਤੀ, ਕਿਸਾਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ, ਕਿਸਾਨਾਂ ਦੀਆਂ ਫ਼ਸਲਾਂ ਦਾ ਸਰਕਾਰਾਂ ਵੱਲੋਂ ਬੀਮਾ ਕਰਨਾ, ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਅਤੇ ਕਿਸਾਨ ਮੈਨੀਫੈਸਟੋ ਵਿੱਚ ਦਰਜ ਹੋਰ ਮੰਗਾਂ ਪ੍ਰਤੀ ਸਰਕਾਰ ਸੰਜੀਦਗੀ ਨਾਲ ਧਿਆਨ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਹੋਰ ਤਿੱਖੇ ਅਤੇ ਵਿਸ਼ਾਲ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 250 ਜੱਥੇਬੰਦੀਆਂ ਦੇ ਮੁੱਖ ਆਗੂਆਂ ਦੀ ਵਿਸ਼ੇਸ਼ ਅਤੇ ਐਮਰਜੈਂਸੀ ਦੋ ਰੋਜ਼ਾ ਮੀਟਿੰਗ ਮੁੰਬਈ ਵਿੱਚ 15 ਤਰੀਕ ਨੂੰ ਸੱਦੀ ਹੈ।
ਵੱਖ-ਵੱਖ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੇਚਣ ਦੇ ਮਨਸੂਬਿਆਂ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਅਤੇ ਨਾਲ ਹੀ ਬਿਜਲੀ ਦੇ ਬਿੱਲਾਂ ਵਿੱਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਸਬੰਧੀ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਨ ਅਤੇ ਕਿਸਾਨਾਂ ’ਤੇ ਲਾਏ ਜੁਰਮਾਨਿਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਅੱਜ ਦੇ ਇਸ “ਪੇਂਡੂ ਭਾਰਤ ਬੰਦ“ ਨੂੰ ਸਹਿਯੋਗ ਦੇਣ ਵਾਲੀਆਂ ਜੱਥੇਬੰਦੀਆਂ ਦਾ ਆਗੂਆਂ ਨੇ ਧੰਨਵਾਦ ਕੀਤਾ।
ਪੰਜਾਬ ਭਰ ਵਿੱਚ ਹੋਏ ਇਨ੍ਹਾਂ ਧਰਨਿਆਂ ਨੂੰ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ ਪੰਜਾਬ ਦੀਆਂ 10 ਕਿਸਾਨ ਜੱਥੇਬੰਦੀਆਂ ਦੇ ਆਗੂਆਂ ਜਿਵੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੁਟਾ ਸਿੰਘ ਬੁਰਜਗਿੱਲ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਪੰਜਾਬ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬੇ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਡਾ. ਦਰਸ਼ਨ ਪਾਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਕੋਟਬੁੱਢਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਨੇ ਸੰਬੋਧਨ ਕੀਤਾ।

Previous articleਇਰਾਨ ’ਚ ਯੂਕਰੇਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ, 176 ਮੌਤਾਂ
Next articleਮੁਲਾਜ਼ਮ, ਮਜ਼ਦੂਰ ਤੇ ਕਿਸਾਨ ਨੇ ਇਕਜੁੱਟ ਹੋ ਭਾਰਤ ਬੰਦ ’ਚ ਪਾਈ ਜਾਨ