ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਖਾਕਾ ਪੇਸ਼ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ 2022 ਤਕ ‘ਨਵੇਂ ਭਾਰਤ’ ਦੇ ਨਿਰਮਾਣ ਲਈ ਹਰੇਕ ਵਿਅਕਤੀ ਨੂੰ ਸਮਰੱਥ ਬਣਾਉਣਾ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਕਰੀਬ ਇਕ ਘੰਟੇ ਤਕ ਸੰਬੋਧਨ ਕਰਦਿਆਂ ਉਨ੍ਹਾਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਤਰਜੀਹਾਂ ਨੂੰ ਉਜਾਗਰ ਕੀਤਾ। ਸ੍ਰੀ ਕੋਵਿੰਦ ਨੇ ਇਕੱਠਿਆਂ ਚੋਣਾਂ ਕਰਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਹਰੇਕ ਸੰਸਦ ਮੈਂਬਰ ਨੂੰ ਮੁਲਕ ਦੇ ਵਿਕਾਸ ਲਈ ਇਸ ਬਾਬਤ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮਜ਼ਬੂਤ, ਸੁਰੱਖਿਅਤ ਅਤੇ ਸਾਰਿਆਂ ਨੂੰ ਨਾਲ ਲੈ ਕੇ ਚਲਣ ਵਾਲਾ ਮੁਲਕ ਬਣਾਉਣ ਵੱਲ ਸਰਕਾਰ ਦੀ ਪੇਸ਼ਕਦਮੀ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੌਮੀ ਸੁਰੱਖਿਆ ਸਰਕਾਰ ਲਈ ਅਹਿਮ ਹੈ। ਆਪਣੇ ਭਾਸ਼ਨ ਦੌਰਾਨ ਉਨ੍ਹਾਂ ਪਾਕਿਸਤਾਨ ਆਧਾਰਿਤ ਦਹਿਸ਼ਤੀ ਕੈਂਪਾਂ ’ਤੇ ਸਰਜੀਕਲ ਅਤੇ ਹਵਾਈ ਹਮਲਿਆਂ ਦਾ ਵੀ ਜ਼ਿਕਰ ਕੀਤਾ। ਸ੍ਰੀ ਕੋਵਿੰਦ ਨੇ ਤੀਹਰਾ ਤਲਾਕ ਅਤੇ ‘ਨਿਕਾਹ ਹਲਾਲਾ’ ਜਿਹੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸਰਕਾਰ ਦੇ ਅਹਿਦ ਨੂੰ ਦੁਹਰਾਇਆ ਤਾਂ ਜੋ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਯਕੀਨੀ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਕਾਲੇ ਧਨ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਜਾਵੇਗਾ। ਆਰਥਿਕ ਮੁਹਾਜ਼ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਛੇਤੀ ਹੀ ਨਵੀਂ ਸਨਅਤੀ ਨੀਤੀ ਦਾ ਐਲਾਨ ਕਰੇਗੀ ਜੋ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ,‘‘ਸਰਕਾਰ ਦੇ ਪਹਿਲੇ ਕਾਰਜਕਾਲ ਨੂੰ ਦੇਖਦਿਆਂ ਮੁਲਕ ਦੇ ਲੋਕਾਂ ਨੇ ਲੋਕ ਸਭਾ ਚੋਣਾਂ ’ਚ ਸਪੱਸ਼ਟ ਫ਼ਤਵਾ ਦਿੱਤਾ ਹੈ। ਇਸ ਨਾਲ ਲੋਕਾਂ ਨੇ ਵਿਕਾਸ ਦੇ ਸਫ਼ਰ ਨੂੰ ਤਰਜੀਹ ਦਿੱਤੀ ਹੈ ਜੋ 2014 ’ਚ ਸ਼ੁਰੂ ਹੋਇਆ ਸੀ।’’ ਜਦੋਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ’ ਦੇ ਫਲਸਫੇ ’ਤੇ ਚਲ ਰਹੀ ਹੈ ਤਾਂ ਐਨਡੀਏ ਦੇ ਸੰਸਦ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਇਸ ਦਾ ਸਵਾਗਤ ਕੀਤਾ। ਸ੍ਰੀ ਕੋਵਿੰਦ ਨੇ ਕਿਹਾ ਕਿ ਸਰਕਾਰ ਨੇ 21 ਦਿਨਾਂ ਦੇ ਅੰਦਰ ਹੀ ਕਿਸਾਨਾਂ, ਜਵਾਨਾਂ, ਵਿਦਿਆਰਥੀਆਂ, ਉੱਦਮੀਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਵਰਗਾਂ ਦੀ ਭਲਾਈ ਲਈ ਕਈ ਫ਼ੈਸਲੇ ਕੀਤੇ ਹਨ। ਉਨ੍ਹਾਂ ਸਾਰੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਅਤੇ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨ ਦੇ ਫ਼ੈਸਲੇ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2022 ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਮੁਲਕ ਦੇ ਸੰਘੀ ਢਾਂਚੇ ਬਾਰੇ ਸ੍ਰੀ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੂਬਿਆਂ ਨੂੰ ਨਾਲ ਲੈ ਕੇ ਚਲ ਰਹੀ ਹੈ। ਦੁਨੀਆਂ ਭਰ ’ਚ ਅਤਿਵਾਦ ’ਤੇ ਭਾਰਤ ਦੇ ਦਾਅਵੇ ਨੂੰ ਹਮਾਇਤ ਮਿਲਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ ਜਾਣਾ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਜੰਮੂ ਕਸ਼ਮੀਰ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਲਈ ਸੁਰੱਖਿਅਤ ਅਤੇ ਸ਼ਾਂਤੀ ਦਾ ਮਾਹੌਲ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਪੰਜ ਸਾਲਾਂ ਦਾ ਖਾਕਾ
* ਤੀਹਰਾ ਤਲਾਕ ਅਤੇ ‘ਨਿਕਾਹ ਹਲਾਲਾ’ ਜਿਹੀਆਂ ਬੁਰਾਈਆਂ ਦਾ ਖ਼ਾਤਮਾ ਹੋਵੇਗਾ
* ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਸਰਕਾਰ
* ਕਾਲੇ ਧਨ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ
* ਕਿਸਾਨਾਂ ਦੀ ਆਮਦਨ 2022 ਤਕ ਦੁਗਣੀ ਕਰਨ ਦੇ ਹੋ ਰਹੇ ਉਪਰਾਲੇ
* ਜੰਮੂ ਕਸ਼ਮੀਰ ’ਚ ਮਾਹੌਲ ਸੁਖਾਵਾਂ ਬਣਾਉਣ ਦੇ ਹੋ ਰਹੇ ਯਤਨ