ਕੁੱਲੂ ਵਿੱਚ ਬੱਸ ਖੱਡ ’ਚ ਡਿੱਗੀ, 44 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਇਕ ਪ੍ਰਾਈਵੇਟ ਬੱਸ ਦੇ ਵੀਰਵਾਰ ਨੂੰ ਡੂੰਘੇ ਨਾਲੇ ’ਚ ਡਿੱਗ ਜਾਣ ਕਰਕੇ 44 ਜਣਿਆਂ ਦੀ ਮੌਤ ਹੋ ਗਈ ਅਤੇ 35 ਜਣੇ ਜ਼ਖ਼ਮੀ ਹੋ ਗਏ। ਬੱਸ ਵਿਚ 79 ਸਵਾਰੀਆਂ ਸਨ। ਮ੍ਰਿਤਕਾਂ ਵਿੱਚ ਵਧੇਰੇ ਕੁੱਲੂ ਜ਼ਿਲ੍ਹੇ ਨਾਲ ਸਬੰਧਤ ਹਨ।
ਕੁੱਲੂ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਕੁੱਲੂ ਤੋਂ 50 ਕਿਲੋਮੀਟਰ ਦੂਰ ਬੰਜਾਰ ਤਹਿਸੀਲ ’ਚ ਢੋਥ ਮੋੜ ਨੇੜੇ 300 ਮੀਟਰ ਡੂੰਘੀ ਖੱਡ, ਜਿਸ ’ਚ ਨਾਲਾ ਵੱਗਦਾ ਹੈ ਵਿੱਚ ਡਿੱਗ ਗਈ। ਬੱਸ (ਐਚਪੀ 66-7065) ਗੜ੍ਹ ਗੁਸ਼ਾਨੀ ਜਾ ਰਹੀ ਸੀ। ਹਾਦਸੇ ਦਾ ਜਿਵੇਂ ਹੀ ਪਤਾ ਲੱਗਾ ਤਾਂ ਵੱਡੇ ਪੱਧਰ ’ਤੇ ਬਚਾਅ ਕਾਰਜ ਚਲਾਏ ਗਏ। ਮੌਕੇ ਤੋਂ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਕੁੱਲੂ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਬੱਸ ਦੀ ਸਮਰੱਥਾ 42 ਸਵਾਰੀਆਂ ਦੀ ਸੀ, ਭੀੜ ਜ਼ਿਆਦਾ ਹੋਣ ਕਾਰਨ ਅਤੇ ਚਾਲਕ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਾਰਤ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰੀ ਤਰਜਮਾਨ ਅਨੁਸਾਰ ਸੋਗ ਸੰਦੇਸ਼ ਵਿੱਚ ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਅਧਿਕਾਰੀ ਅਨੁਸਾਰ ਮੁੱਖ ਮੰਤਰੀ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਇਲਾਜ ਲਈ ਵਧੀਆ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਲਈ ਤੁਰੰਤ 50-50 ਹਜ਼ਾਰ ਰੁਪਏ ਦੀ ਰਾਹਤ ਦਾ ਐਲਾਨ ਕੀਤਾ ਹੈ।

Previous articleAuthorities cancel Geelani’s Kashmir University visit
Next articleਹਰ ਸ਼ਖ਼ਸ ਨੂੰ ਸਮਰੱਥ ਬਣਾਏਗੀ ਸਰਕਾਰ: ਕੋਵਿੰਦ