ਸੱਜਰੇ 10 ਕੇਸਾਂ ਨਾਲ ਪੰਜਾਬ ਨੂੰ ਕੁਝ ਸਾਹ ਆਇਆ

ਲੁਧਿਆਣਾ ’ਚ 5, ਰੋਪੜ ’ਚ 2 ਤੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ’ਚ ਇਕ ਇਕ ਨਵਾਂ ਕੇਸ

ਚੰਡੀਗੜ੍ਹ (ਸਮਾਜਵੀਕਲੀ) ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 10 ਨਵੇਂ ਕੇਸ ਰਿਪੋਰਟ ਹੋਣ ਨਾਲ ਕੁੱਲ 1924 ਵਿਅਕਤੀ ਕਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ। ਪੰਜਾਬ ਵਿੱਚ ਪਿਛਲੇ ਦੋ ਕੁ ਹਫਤਿਆਂ ਤੋਂ ਰੋਜ਼ਾਨਾ ਜ਼ਿਆਦਾ ਕੇਸ ਆਉਣ ਤੋਂ ਬਾਅਦ ਅੱਜ ਕੁਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 46,026 ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 40,637 ਨੈਗੇਟਿਵ ਪਾਏ ਗਏ ਤੇ 3,465 ਨਤੀਜਿਆਂ ਦੀ ਉਡੀਕ ਹੈ। ਪੰਜਾਬ ਦੇ ਸਿਹਤ ਕੇਂਦਰਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ 1692 ਵਿਅਕਤੀ ਜ਼ੇਰੇ ਇਲਾਜ ਹਨ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਏ ਦਸ ਨਵੇਂ ਕੇਸਾਂ ਵਿੱਚੋਂ ਰੋਪੜ ’ਚ 2, ਲੁਧਿਆਣਾ ’ਚ 5 ਅਤੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ’ਚ ਇੱਕ-ਇਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਹੁਣ ਤਕ 200 ਵਿਅਕਤੀ ਕਰੋਨਾ ਨੂੰ ਮਾਤ ਦਿੰਦਿਆਂ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਤਰਨਤਾਰਨ, ਗੁਰਦਾਸਪੁਰ, ਮੁਹਾਲੀ ਤੇ ਨਵਾਂਸ਼ਹਿਰ ਵਿੱਚ ਵਧੇਰੇ ਕੇਸ ਸਾਹਮਣੇ ਆ ਚੁੱਕੇ ਹਨ। ਕੁੱਲ 1924 ਕੇਸਾਂ ਵਿੱਚੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ 1128 ਕੇਸ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ 100 ਤੋਂ 300 ਤੱਕ ਮਾਮਲੇ ਹਨ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਅੱਜ ਤੱਕ ਕੋਵਿਡ-19 ਦੇ 46 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਪੰਜਾਬ ਵਿੱਚ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ 1392 ਟੈਸਟ ਪ੍ਰਤੀ ਦਿਨ ਪ੍ਰਤੀ ਮਿਲੀਅਨ ਕੀਤੇ ਗਏ ਹਨ। ਇਹ ਕੌਮੀ ਔਸਤ ਦੇ ਪ੍ਰਤੀ ਦਿਨ ਪ੍ਰਤੀ ਮਿਲੀਅਨ 1243 ਟੈਸਟਾਂ ਤੋਂ ਜ਼ਿਆਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਲੈਬਾਂ ਦੀ ਸਮਰੱਥਾ ਵਿੱਚ ਵਾਧਾ ਕਰਕੇ ਆਪਣੀ ਟੈਸਟਿੰਗ ਦਰ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ 2 ਮਈ ਤੱਕ 20,000 ਸੈਂਪਲ ਲਏ ਗਏ ਸਨ। ਇਸ ਨੂੰ ਅੱਗੇ ਵਧਾਉਂਦਿਆਂ ਰਾਜ ਵਿੱਚ ਅਗਲੇ 10,000 ਟੈਸਟ ਸਿਰਫ਼ 5 ਦਿਨਾਂ ਵਿੱਚ ਕੀਤੇ ਗਏ ਅਤੇ 7 ਮਈ ਤੱਕ 30,000 ਟੈਸਟ ਕੀਤੇ ਜਾ ਚੁੱਕੇ ਸਨ। ਕੋਵਿਡ-19 ਦੇ ਸ਼ੱਕੀ ਕੇਸਾਂ ਦੇ ਟੈਸਟ ਕਰਨ ਲਈ ਸੂਬੇ ਵੱਲੋਂ ਆਪਣੇ ਸਰਕਾਰੀ ਮੈਡੀਕਲ ਕਾਲਜ ਦੀਆਂ ਲੈਬਾਂ ਦਾ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਸੂਬੇ ਦੀ ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਐਮ. ਟੈੱਕ ਚੰਡੀਗੜ੍ਹ ਅਤੇ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਕੁਝ ਆਈਸੀਐੱਮਆਰ ਤੋਂ ਮਨਜ਼ੂਰਸ਼ੁਦਾ ਲੈਬਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਵਿਭਾਗ, ਪੰਜਾਬ ਵੱਲੋਂ 3 ਸਰਕਾਰੀ ਮੈਡੀਕਲ ਕਾਲਜਾਂ ਲਈ ਹੋਰ 3 ਐਮਜੀਆਈ-ਐੱਸਪੀ960 ਆਟੋਮੇਟਿਡ ਹਾਈ ਥਰੂਪੁਟ ਆਰਐਨਏ ਐਕਸਟਰੈਕਸ਼ਨ ਸਿਸਟਮਜ਼ ਖਰੀਦਣ ਲਈ ਆਰਡਰ ਤਿਆਰ ਕਰ ਲਏ ਗਏ ਹਨ।

ਸੂਬੇ ਵੱਲੋਂ 4 ਹੋਰ ਸਰਕਾਰੀ ਲੈਬਾਰਟਰੀਆਂ ਆਰਡੀਡੀਐਲ-ਐਨਜ਼ੈਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਊਬੇਟਰ ਮੁਹਾਲੀ ਅਤੇ ਸਟੇਟ ਐਫਐਸਐਲ ਮੁਹਾਲੀ ਵਿੱਚ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 4 ਕੇਂਦਰੀ ਅਦਾਰਿਆਂ ਆਈਆਈਐੱਸਈਆਰ ਮੁਹਾਲੀ, ਐੱਨਆਈਪੀਆਰ ਮੁਹਾਲੀ, ਐਨਏਬੀਆਈ ਮੁਹਾਲੀ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ ਵੀ 4 ਲੈਬਾਰਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਨੂੰ 4 ਹੋਰ ਸਰਕਾਰੀ ਲੈਬਾਰਟਰੀਆਂ ਜ਼ਿਲ੍ਹਾ ਹਸਪਤਾਲ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਸਥਾਪਿਤ ਕਰਨ ਦੀ ਯੋਜਨਾ ਬਣਾ ਕੇ ਭੇਜੀ ਗਈ ਹੈ।

Previous articleUnorganised labour to be priority in Centre’s relief package: Punjab CM
Next articleArmy Chief visits troops on western front