ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਆਰੰਭ

ਬਰਮਿੰਘਮ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਹਫ਼ਤੇ ਵਿਚ ਮੁਕੰਮਲ ਕਰੇਗਾ ਸੇਵਾ

ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਸਾਫ਼-ਸਫ਼ਾਈ ਹਿੱਤ ਇਸ ਦੀ ਧੁਆਈ ਲਈ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਅੱਜ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇੰਗਲੈਂਡ ਤੋਂ ਆਏ ਜਥੇ ਦੇ ਕਰੀਬ 50 ਮੈਂਬਰਾਂ ਵੱਲੋਂ ਇਕ ਹਫ਼ਤਾ ਸਮੁੱਚੇ ਸੋਨੇ ਦੀ ਧੁਆਈ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਹੋਣ ਕਾਰਨ ਇੱਥੇ ਲੱਗੇ ਸੋਨੇ ਦੀ ਚਮਕ ਫਿੱਕੀ ਪੈ ਜਾਂਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਦੀ ਚਮਕ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਦੀ ਸਫ਼ਾਈ ਤੇ ਧੁਆਈ ਕਰਵਾਈ ਜਾਂਦੀ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਇਸੇ ਜਥੇ ਵੱਲੋਂ 1995 ਤੋਂ 1999 ਤੱਕ ਵੀ ਸੇਵਾ ਕੀਤੀ ਗਈ ਸੀ। ਅੱਜ ਸੋਨੇ ਦੀ ਧੁਆਈ ਦੀ ਸੇਵਾ ਦੀ ਸ਼ੁਰੂਆਤ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਕੀਤੀ ਗਈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਸਮੇਤ ਨਿਸ਼ਕਾਮ ਜਥੇ ਦੇ ਮੁਖੀ ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। ਸ਼ੁਰੂਆਤ ਮੌਕੇ ਅਰਦਾਸ ਕੀਤੀ ਗਈ ਅਤੇ ਮੁੜ ਜਥੇ ਦੇ ਮੈਂਬਰਾਂ ਵਲੋਂ ਰੀਠੇ ਦੇ ਪਾਣੀ ਨਾਲ ਇਸ ਦੀ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ। ਵੱਡੇ ਗੁੰਬਦ ਤੋਂ ਇਲਾਵਾ ਛੋਟੀਆਂ ਗੁੰਬਦੀਆਂ ਅਤੇ ਇੱਥੇ ਲੱਗੇ ਸੋਨੇ ਦੇ ਛੱਜੇ ਰੀਠੇ ਦੇ ਪਾਣੀ ਨਾਲ ਧੋਤੇ ਗਏ ਅਤੇ ਚਮਕਾਏ ਗਏ। ਨਿਸ਼ਕਾਮ ਸੇਵਕ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵਲੋਂ 1995 ਤੋਂ ਲੈ ਕੇ 1999 ਤੱਕ ਇੱਥੇ ਸੋਨਾ ਲਾਉਣ ਦੀ ਸੇਵਾ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਰ ਵਰ੍ਹੇ ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ। ਕੁੱਝ ਵਰ੍ਹੇ ਇਹ ਸੇਵਾ ਠੱਪ ਰਹੀ ਅਤੇ ਹੁਣ ਮੁੜ 2016 ਤੋਂ ਜਥੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨਾ ਲਗਵਾਇਆ ਗਿਆ ਸੀ।

Previous articleਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਭੁੱਖ ਹੜਤਾਲ
Next articleਹਰਸਿਮਰਤ ਦੇ ਚੋਣ ਹਲਕੇ ਬਾਰੇ ਅਕਾਲੀ ਦਲ ’ਚ ਦੁਚਿਤੀ