ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਭੁੱਖ ਹੜਤਾਲ

ਦਿਨ ਭਗਤ ਸਿੰਘ, ਰਾਜਗੁਰੂ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਸੁਖਦੇਵ ਥਾਪਰ ਦੇ ਮੁਹੱਲਾ ਨੌਘਰਾ ਸਥਿਤ ਜੱਦੀ ਘਰ ਨੂੰ ਚੌੜੇ ਬਾਜ਼ਾਰ ਵਿੱਚੋਂ ਸਿੱਧਾ ਲਾਂਘਾ ਦੇਣ ਦੀ ਮੰਗ ਨੂੰ ਲੈ ਕੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਨੁਮਾਇੰਦਿਆਂ ਨੇ ਭੁੱਖ ਹੜਤਾਲ ਕੀਤੀ। ਇਸ ਤੋਂ ਪਹਿਲਾਂ ਉਕਤ ਥਾਂ ’ਤੇ ਹਵਨ ਕਰ ਕੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸਥਾਨਕ ਚੌੜਾ ਬਾਜ਼ਾਰ ਦੇ ਨਾਲ ਪੈਂਦੇ ਮੁਹੱਲਾ ਨੌਘਰਾ ਵਿੱਚ ਸੁਖਦੇਵ ਥਾਪਰ ਦਾ ਜੱਦੀ ਘਰ ਹੈ ਜਿਸ ਨੂੰ ਕੋਈ ਸਿੱਧਾ ਲਾਂਘਾ ਨਾ ਹੋਣ ਕਰਕੇ ਬਹੁਤੇ ਲੋਕ ਇਸ ਘਰ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਸਵੇਰੇ ਹਵਨ ਕਰਨ ਤੋਂ ਬਾਅਦ ਭੁੱਖ ਹੜਤਾਲ ’ਤੇ ਬੈਠੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਅਤੇ ਜਨਰਲ ਸਕੱਤਰ ਸੰਦੀਪ ਥਾਪਰ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਇਲਾਕਾ ਵਾਸੀਆਂ, ਦੁਕਾਨਦਾਰਾਂ ਦੇ ਹਸਤਾਖਰ ਵਾਲੇ ਮੰਗ ਪੱਤਰ ਵੀ ਦਿੱਤੇ ਪਰ ਅਫਸੋੋਸ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਜਬੂਰ ਹੋ ਕੇ ਅੱਜ ਉਨ੍ਹਾਂ ਨੂੰ ਭੁੱਖ ਹੜਤਾਲ ’ਤੇ ਬੈਠਣਾ ਪਿਆ ਹੈ।
ਜਦੋਂ ਭੁੱਖ ਹੜਤਾਲ ਸਬੰਧੀ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸ਼ਹੀਦ ਦੇ ਜੱਦੀ ਘਰ ਦੇ ਆਸ-ਪਾਸ ਵਾਲੀ ਥਾਂ ਨੂੰ ਸੋਹਣਾ ਬਣਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੇਅਰ ਸ੍ਰੀ ਸੰਧੂ ਨੇ ਉਨ੍ਹਾਂ ਦੀ ਗੱਲ ਐੱਮਪੀ ਰਵਨੀਤ ਬਿੱਟੂ ਨਾਲ ਵੀ ਕਰਵਾਈ ਜਿਨ੍ਹਾਂ ਵਲੋਂ ਜੱਦੀ ਘਰ ਨੂੰ ਸਿੱਧਾ ਲਾਂਘਾ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹੜਤਾਲ ਸਮਾਪਤ ਕਰ ਦਿੱਤੀ ਗਈ।
ਇਸ ਮੌਕੇ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਪਾਸੇ ਕੰਮ ਸ਼ੁਰੂ ਨਾ ਹੋਇਆ ਤਾਂ ਫਿਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਕਤ ਜੱਦੀ ਘਰ ਨੂੰ ਸਿੱਧੇ ਲਾਂਘੇ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਐਲਾਨ ਦੇ ਬਾਵਜੂਦ ਇਸ ’ਤੇ ਅਮਲ ਨਹੀਂ ਹੋ ਰਿਹਾ।
ਇਸ ਮੌਕੇ ਲੀਨਾ ਟਾਪਰੀਆ, ਮਹੇਸ਼ ਸ਼ਰਮਾ, ਅਨਿਲ ਪਾਰਤੀ, ਰਾਜੀਵ ਟੰਡਨ, ਸੰਜੀਵ ਚੌਧਰੀ, ਰਾਜੇ ਜੈਨ, ਜਸਪਾਲ ਸਿੰਘ, ਤ੍ਰਿਭਵਨ ਥਾਪਰ, ਮਹੰਤ ਗੌਰਵ ਬਾਵਾ, ਵਿੱਕੀ ਡਾਬਰ, ਹੀਰਸ਼ ਸ਼ਰਮਾ, ਪਵਨ ਗਰਗ, ਸੁਨੀਲ ਮਹਿਰਾ, ਵਿਜੇ ਵਾਲੀਆ ਅਤੇ ਸਤੀਸ਼ ਸੋਨੀ ਹਾਜ਼ਰ ਸਨ।

Previous articleਕਾਰ ਤੇ ਪੀਸੀਆਰ ਵਾਹਨ ਦੀ ਟੱਕਰ ’ਚ 6 ਜ਼ਖਮੀ
Next articleਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਆਰੰਭ