ਹਰਸਿਮਰਤ ਦੇ ਚੋਣ ਹਲਕੇ ਬਾਰੇ ਅਕਾਲੀ ਦਲ ’ਚ ਦੁਚਿਤੀ

ਬਠਿੰਡਾ ਤੋਂ ਹੀ ਚੋਣ ਲੜਨ ’ਤੇ ਵਿਚਾਰ; ਪਹਿਲਾਂ ਫਿਰੋਜ਼ਪੁਰ ਤੋਂ ਚੋਣ ਲੜਾਉਣ ਬਾਰੇ ਸੀ ਚਰਚਾ

ਸ਼੍ਰੋਮਣੀ ਅਕਾਲੀ ਦਲ ਅੰਦਰ ਹਰਸਿਮਰਤ ਕੌਰ ਬਾਦਲ ਲਈ ਆਉਂਦੀਆਂ ਸੰਸਦੀ ਚੋਣਾਂ ਦੌਰਾਨ ਹਲਕੇ ਦੀ ਚੋਣ ਦੇ ਮਸਲੇ ’ਤੇ ਇੱਕ ਵਾਰੀ ਫਿਰ ਤੋਂ ਬਠਿੰਡਾ ਤੋਂ ਹੀ ਕਿਸਮਤ ਅਜ਼ਮਾਉਣ ਦਾ ਮੁੱਦਾ ਭਾਰੂ ਹੋ ਗਿਆ ਹੈ। ਪਾਰਟੀ ਅੰਦਰਲੇ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਦੀ ਜੱਕੋ-ਤੱਕੀ ਤੇ ਅਕਾਲੀ ਆਗੂਆਂ ਦੇ ਦਬਾਅ ਕਾਰਨ ਅੰਦਰਖਾਤੇ ਇਹ ਮਨ ਬਣਾ ਲਿਆ ਸੀ ਕਿ ਬੀਬੀ ਬਾਦਲ ਨੂੰ ਫਿਰੋਜ਼ਪੁਰ ਹਲਕੇ ਤੋਂ ਹੀ ਚੋਣ ਲੜਾ ਲਈ ਜਾਵੇ ਪਰ ਇਸ ਦੁਚਿੱਤੀ ਦੇ ਆਲਮ ’ਚ ਬਾਦਲ ਪਰਿਵਾਰ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਸੰਸਦੀ ਹਲਕਾ ਬਦਲਣ ਕਾਰਨ ਭਵਿੱਖ ਵਿੱਚ ਸਿਆਸੀ ਚੁਣੌਤੀਆਂ ਵਧ ਜਾਣਗੀਆਂ ਤੇ ਇਸ ਦਾ ਅਸਰ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ। ਬਾਦਲ ਪਰਿਵਾਰ ਦੇ ਕਰੀਬੀ ਸੂਤਰਾਂ ਦਾ ਦੱਸਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਹਲਕਾ ਕਿਸੇ ਵੀ ਸੂਰਤ ਬਦਲਿਆ ਨਾ ਜਾਵੇ ਜਦਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਮੱਤ ਸੀ ਕਿ ਬਠਿੰਡਾ ਤੋਂ ਚੋਣ ਜਿੱਤਣੀ ਆਸਾਨ ਨਹੀਂ ਇਸ ਲਈ ਫਿਰੋਜ਼ਪੁਰ ਤੋਂ ਹੀ ਕਿਸਮਤ ਅਜ਼ਮਾਈ ਜਾਵੇ। ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਤਾਜ਼ਾ ਸਥਿਤੀ ’ਚ ਫਿਰੋਜ਼ਪੁਰ ਹਲਕੇ ਤੋਂ ਪਾਰਟੀ ਉਮੀਦਵਾਰ ਲਈ ਜਿੱਤ ਸੁਖਾਲੀ ਜਾਪ ਰਹੀ ਹੈ। ਬਾਦਲ ਪਰਿਵਾਰ ਦੇ ਇੱਕ ਕਰੀਬੀ ਵਿਅਕਤੀ ਨੇ ਦੱਸਿਆ ਕਿ ਤਾਜ਼ਾ ਸਥਿਤੀ ਵਿੱਚ ਬੀਬੀ ਬਾਦਲ ਨੂੰ ਬਠਿੰਡਾ ਹਲਕੇ ਤੋਂ ਹੀ ਉਮੀਦਵਾਰ ਬਨਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਬਾਦਲ ਪਰਿਵਾਰ ਦੀ ਨੂੰਹ ਜੇਕਰ ਬਠਿੰਡਾ ਤੋਂ ਹੀ ਚੋਣ ਲੜਦੀ ਹੈ ਤਾਂ ਚੋਣ ਮਾਹੌਲ ਦਿਲਚਸਪ ਹੋਵੇਗਾ ਕਿਉਂਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਉਮੀਦਵਾਰ ਬਣਾਏ ਜਾਣ ਦਾ ਫ਼ੈਸਲਾ ਪਹਿਲਾਂ ਹੀ ਹੋ ਗਿਆ ਹੈ। ਕਾਂਗਰਸ ਵੱਲੋਂ ਵੀ ਸੋਚ ਵਿਚਾਰ ਤੋਂ ਬਾਅਦ ਹੀ ਬਠਿੰਡਾ ਦੇ ਮੈਦਾਨ ਤੋਂ ਉਮੀਦਵਾਰ ਉਤਾਰਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੇ ਦਿਨਾਂ ਦੌਰਾਨ ਹੋਈਆਂ ਮੀਟਿੰਗਾਂ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ ਕਿ ਹਰਸਿਮਰਤ ਕੌਰ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਹੀ ਚੋਣ ਲੜਾਉਣੀ ਚਾਹੀਦੀ ਹੈ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਕੋਰ ਕਮੇਟੀ ਅਤੇ ਹੋਰਨਾਂ ਮੀਟਿੰਗਾਂ ਦੌਰਾਨ ਭਾਵੇਂ ਫਿਰੋਰਜ਼ਪੁਰ ਤੋਂ ਹੀ ਚੋਣ ਲੜਾਉਣ ਦਾ ਮਾਮਲਾ ਭਾਰੂ ਰਿਹਾ ਪਰ ਬਾਦਲ ਪਰਿਵਾਰ ਇਸ ਮੁੱਦੇ ’ਤੇ ਵੰਡਿਆ ਹੋਇਆ ਹੈ। ਪਰਿਵਾਰ ਅੰਦਰ ਇਹ ਗੱਲ ਵੀ ਭਾਰੂ ਸੀ ਕਿ ਬੀਬੀ ਬਾਦਲ ਨੂੰ ਜੇਕਰ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਭੇਜਿਆ ਜਾਂਦਾ ਹੈ ਕਿ ਸਮੁੱਚੇ ਕਾਡਰ ਅੰਦਰ ਗਲਤ ਸੰਦੇਸ਼ ਜਾਵੇਗਾ ਕਿ ਬਾਦਲ ਪਰਿਵਾਰ ਹਾਰ ਤੋਂ ਡਰਦਾ ਬਠਿੰਡਾ ਛੱਡ ਕੇ ਭੱਜ ਗਿਆ ਤੇ ਵਿਰੋਧੀ ਧਿਰਾਂ ਇਸ ਨੂੰ ਚੋਣਾਂ ’ਚ ਮੁੱਦਾ ਬਣਾਉਣਗੀਆਂ। ਇਹੀ ਕਾਰਨ ਹੈ ਕਿ ਬੀਬੀ ਬਾਦਲ ਨੇ ਪਿਛਲੇ ਦੋ ਕੁ ਦਿਨਾਂ ਤੋਂ ਬਠਿੰਡਾ ਹਲਕੇ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਹਨ। ਬਾਦਲ ਪਰਿਵਾਰ ਦੀ ਨੂੰਹ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਣ ਲੱਗੀ ਹੈ ਕਿ ਤੀਜੀ ਵਾਰੀ ਵੀ ‘ਸੇਵਾ’ ਦਾ ਮੌਕਾ ਦਿੱਤਾ ਜਾਵੇ। ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬੇਅਦਬੀ ਤੇ ਪੁਲੀਸ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਰਾਜਸੀ ਪਰਛਾਵੇਂ ਕਾਰਨ ਬਾਦਲ ਪਰਿਵਾਰ ਨੂੰ ਬਠਿੰਡਾ ਤੋਂ ਜਿੱਤ ਸੁਖਾਲੀ ਨਹੀਂ ਜਾਪ ਰਹੀ। ਇਹੀ ਕਾਰਨ ਹੈ ਕਿ ਬਠਿੰਡਾ ਹਲਕੇ ਵਿਚਲੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਤੇ ਹੋਰਨਾਂ ਆਗੂਆਂ ਵੱਲੋਂ ਸੰਸਦੀ ਹਲਕਾ ਬਦਲਣ ਦੀ ਸਲਾਹ ਦਿੱਤੀ ਗਈ ਸੀ।

Previous articleਹਰਿਮੰਦਰ ਸਾਹਿਬ ’ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਆਰੰਭ
Next articleਜਸਟਿਸ ਪਿਨਾਕੀ ਘੋਸ਼ ਨੇ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕੀ