ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਕਈ ਹਸਪਤਾਲਾਂ ਨੇ ਅੱਜ ਦੋਸ਼ ਲਗਾਇਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਵਿਕਰੇਤਾਵਾਂ ਨੂੰ ਦਿੱਲੀ ਦੇ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਆਕਸੀਜਨ ਦਾ ਸੀਮਿਤ ਸਟਾਕ ਰਹਿ ਗਿਆ ਹੈ ਜਦੋਂਕਿ ਇਸ ਵੇਲੇ ਇਨ੍ਹਾਂ ਹਸਪਤਾਲਾਂ ਵਿਚ ਕਰੋਨਾਵਾਇਰਸ ਦੇ ਸੈਂਕੜੇ ਮਰੀਜ਼ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
ਇੱਥੇ ਪੂਸਾ ਰੋਡ ’ਤੇ ਸਥਿਤ ਸਰ ਗੰਗਾਰਾਮ ਸਿਟੀ ਹਸਪਤਾਲ ਦੇ ਇਕ ਅਧਿਕਾਰੀ ਅਨੁਸਾਰ ਸ਼ਾਮ ਕਰੀਬ 4.30 ਵਜੇ ਹਸਪਤਾਲ ਵਿਚ ਸਿਰਫ਼ ਚਾਰ ਹੋਰ ਘੰਟਿਆਂ ਦੀ ਆਕਸੀਜਨ ਰਹਿ ਗਈ ਸੀ। ਹਾਲਾਂਕਿ ਹਸਪਤਾਲ ਵਿਚ ਇਸ ਵੇਲੇ ਕਰੋਨਾ ਦੇ 58 ਮਰੀਜ਼ ਦਾਖ਼ਲ ਹਨ ਜਿਨ੍ਹਾਂ ਵਿਚੋਂ 10 ਜਣੇ ਆਈਸੀਯੂ ਵਿਚ ਹਨ। ਉਨ੍ਹਾਂ ਕਿਹਾ, ‘‘ਇਕ ਵਿਕਰੇਤਾ ਦੇ ਨੁਮਾਇੰਦੇ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਆਕਸੀਜਨ ਦੇ ਸਿਲੰਡਰ ਅਤੇ ਤਰਲ ਆਕਸੀਜਨ ਸਰ ਗੰਗਾ ਰਾਮ ਸਿਟੀ ਹਸਪਤਾਲ ਨੂੰ ਸਪਲਾਈ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਤੋਂ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਵੱਡੀ ਗਿਣਤੀ ਹਸਪਤਾਲ ਪ੍ਰਭਾਵਿਤ ਹੋ ਰਹੇ ਹਨ।
ਸੇਂਟ ਸਟੀਫ਼ਨ ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਕੋਲ ਸਿਰਫ਼ ਦੋ ਘੰਟਿਆਂ ਦੀ ਆਕਸੀਜਨ ਬਾਕੀ ਬਚੀ ਸੀ। ਉਨ੍ਹਾਂ ਦੋਸ਼ ਲਾਇਆ, ‘‘ਹਰਿਆਣਾ ਸਰਕਾਰ ਵੱਲੋਂ ਵਿਕਰੇਤਾਵਾਂ ਨੂੰ ਸਾਨੂੰ ਆਕਸੀਜਨ ਦੀ ਸਪਲਾਈ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ ਜਦੋਂਕਿ ਹਸਪਤਾਲ ਵਿਚ ਦਾਖ਼ਲ 350 ਮਰੀਜ਼ਾਂ ਵਿਚੋਂ ਕਰੀਬ 200 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈ।’’ ਇਸੇ ਤਰ੍ਹਾਂ ਓਖਲਾ ਵਿਚ ਸਥਿਤ ਹੋਲੀ ਫੈਮਿਲੀ ਹਸਪਤਾਲ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ, ‘‘ਦਿੱਲੀ ਨਾਲ ਲੱਗਦੇ ਰਾਜ ਨੇ ਆਕਸੀਜਨ ਲੈ ਕੇ ਆ ਰਹੇ ਟੈਂਕਰ ਨੂੰ ਰੋਕ ਦਿੱਤਾ ਹੈ। ਹੁਣ ਹਸਪਤਾਲ ਵਿਚ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ। ਅਸੀਂ ਤਿੰਨ-ਚਾਰ ਵਿਕਰੇਤਾਵਾਂ ਨੂੰ ਨਵੇਂ ਸਿਰਿਓਂ ਆਕਸੀਜਨ ਦਾ ਆਰਡਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।’’ ਇਸੇ ਤਰ੍ਹਾਂ ਅੰਬੇਦਕਰ ਨਗਰ ਹਸਪਤਾਲ ਨੇ ਵੀ ਸਿਰਫ਼ 24 ਘੰਟਿਆਂ ਦੀ ਆਕਸੀਜਨ ਹੋਣ ਦੀ ਗੱਲ ਆਖੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly