ਹਰਿਆਣਾ ਦੇ ਕਿਸਾਨਾਂ ਨੂੰ ਇਕ ਤੋਂ ਪੰਜ ਕਿਲੋ ਕਣਕ ਦਾਨ ਕਰਨ ਦੀ ਅਪੀਲ

ਚੰਡੀਗੜ੍ਹ (ਸਮਾਜਵੀਕਲੀ)ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਹੈ ਕਿ ਸੂਬੇ ਵਿੱਚ ਕਣਕ ਦੀ ਖਰੀਦ 20 ਅਪਰੈਲ ਤੋਂ ਕੀਤੀ ਜਾਵੇਗੀ ਅਤੇ ਕਿਸਾਨਾਂ ਕੋਲੋਂ ਪ੍ਰਤੀ ਕੁਇੰਟਲ ਇਕ ਤੋਂ ਪੰਜ ਕਿਲੋ ਤਕ ਕਣਕ ਕੋਵਿਡ ਫੰਡ ਵਜੋਂ ਲਈ ਜਾਵੇਗੀ। ਜਿਹੜੇ ਕਿਸਾਨ ਕੋਵਿਡ ਫੰਡ ਵਿੱਚ ਕਣਕ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਨੂੰ ਲਿਖ ਕੇ ਦੇਣਾ ਪਵੇਗਾ ਕਿ ਉਹ ਇਸ ਫੰਡ ਵਿੱਚ ਹਿੱਸਾ ਨਹੀਂ ਪਾਉਣਾ ਚਾਹੁੰਦੇ।

ਅੱਜ ਇੱਥੇ ਮੀਡੀਆ ਨਾਲ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੰਡੀਆਂ ਵਧਾਈਆਂ ਜਾ ਰਹੀਆਂ ਹਨ ਤੇ ਕਈ ਸੰਸਥਾਵਾਂ ਮੰਡੀਆਂ ਲਈ ਥਾਂ ਦੇ ਰਹੀਆਂ ਹਨ ਤੇ ਕਣਕ ਕੇਵਲ ਰਜਿਸਟਰਡ ਕਿਸਾਨਾਂ ਕੋਲੋਂ ਹੀ ਖਰੀਦੀ ਜਾਵੇਗੀ। ਇਸ ਵੇਲੇ 60 ਫੀਸਦੀ ਕਿਸਾਨ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਤੇ ਬਕਾਇਆ ਕਿਸਾਨਾਂ ਲਈ ਰਜਿਸਟਰੇਸ਼ਨ 19 ਅਪਰੈਲ ਤਕ ਚਾਲੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਹ ਕਿਸਾਨ ਹੀ ਮੰਡੀਆਂ ਵਿੱਚ ਕਣਕ ਲੈ ਕੇ ਆਉਣਗੇ ਜਿਨ੍ਹਾਂ ਨੂੰ ਆੜ੍ਹਤੀਏ ਕਣਕ ਦੀ ਖ਼ਰੀਦ ਲਈ ਸਮਾਂ ਦੇਣਗੇ। ਇਕ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਕੀਤੀ ਜਾਵੇਗੀ ਪਰ ਸਰ੍ਹੋਂ ਦੀ ਅਦਾਇਗੀ ਕਿਸਾਨਾਂ ਨੂੰ ਸਿੱਧੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਮੰਡੀਆਂ ਵਿੱਚ ਦੇਰੀ ਨਾਲ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇ।

Previous articleਪਰਵਾਸੀ ਕਾਮਿਆਂ ਬਾਰੇ ਸਰਕਾਰ ਹੀ ਲਵੇ ਫ਼ੈਸਲਾ: ਸੁਪਰੀਮ ਕੋਰਟ
Next articleਸੁਪਰੀਮ ਕੋਰਟ ਵੱਲੋਂ ਕੈਦੀਆਂ ਦੀ ਰਿਹਾਈ ਬਾਰੇ ਨਿਰਦੇਸ਼ ਦੇਣ ਤੋਂ ਇਨਕਾਰ