ਰਾਸ਼ਟਰੀ ਸਵੈਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਪਿਛਲੇ 90 ਸਾਲਾਂ ਤੋਂ ਸੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਵਿਚ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਸਮਾਜ ਇਕ ਹੈ ਅਤੇ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਆਸੀ ਵਿਅਕਤੀ ਨਹੀਂ ਹਨ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਨਾਗਪੁਰ ‘ਚ ਮਤਦਾਨ ਕਰਨ ਮਗਰੋਂ ਸੰਘ ਮੁਖੀ ਭਾਗਵਤ ਤੋਂ ਵੀਰ ਸਾਵਰਕਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ‘ਤੇ ਕਾਂਗਰਸ ਦੇ ਸੰਘ ਨੂੰ ਨਿਸ਼ਾਨਾ ਬਣਾਉਣ ਦੇ ਬਾਰੇ ਪੁੱਛਿਆ ਗਿਆ ਸੀ। ਹਿੰਦੂਤਵ ਵਿਚਾਰਕ ਵੀਰ ਸਾਵਰਕਰ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਭਾਗਵਤ ਨੇ ਕਿਹਾ ਕਿ ਸਾਡੇ ‘ਤੇ ਤਾਂ ਪਿਛਲੇ 90 ਸਾਲਾਂ ਤੋਂ ਹਮਲੇ ਕੀਤੇ ਜਾ ਰਹੇ ਹਨ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ, ਕਿਉਂਕਿ ਸਮਾਜ ਇਕ ਹੈ ਅਤੇ ਹਮੇਸ਼ਾ ਇਕ ਹੀ ਰਹੇਗਾ। ਇਹ ਤਾਂ ਸਿਆਸਤ ਹੈ ਅਤੇ ਇਹ ਸਭ ਉਸੇ ਦਾ ਹਿੱਸਾ ਹੈ।
ਸੂਬਾਈ ਵਿਧਾਨ ਸਭਾ ਦੇ ਨਤੀਜਿਆਂ ਦੇ ਬਾਰੇ ਪੁੱਛੇ ਜਾਣ ‘ਤੇ ਭਾਗਵਤ ਨੇ ਕਿਹਾ ਕਿ ਮੈਂ ਸਿਆਸੀ ਵਿਅਕਤੀ ਨਹੀਂ ਹਾਂ, ਇਸ ਲਈ ਇਸ ਦਾ ਅਨੁਮਾਨ ਮੈਂ ਨਹੀਂ ਲਗਾ ਸਕਦਾ। ਤਿੰਨ ਦਿਨਾਂ ‘ਚ ਨਤੀਜੇ ਆ ਜਾਣਗੇ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ।