ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਮਲਿੰਗਾ ਨੇ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਕੀਤਾ ਆਊਟ

ਐਂਜੇਲੋ ਮੈਥਿਊਜ਼ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ੍ਰੀਲੰਕਾ ਨੇ ਵਿਸ਼ਵ ਕੱਪ ਦੇ ਘੱਟ ਸਕੋਰ ਵਾਲੇ ਮੈਚ ’ਚ ਖ਼ਿਤਾਬ ਦੀ ਦਾਅਵੇਦਾਰ ਮੇਜ਼ਬਾਨ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਸ੍ਰੀਲੰਕਾ ਨੇ ਸੈਮੀਫਾਈਨਲ ’ਚ ਦਾਖ਼ਲੇ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਇੰਗਲੈਂਡ ਨੇ ਸ੍ਰੀਲੰਕਾ ਨੂੰ 9 ਵਿਕਟਾਂ ’ਤੇ 232 ਦੌੜਾਂ ਉਪਰ ਰੋਕ ਦਿੱਤਾ ਸੀ ਜਿਸ ’ਚ ਮੈਥਿਊਜ਼ ਨੇ 115 ਗੇਂਦਾਂ ’ਚ 85 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ’ਚ 1996 ਦੀ ਚੈਂਪੀਅਨ ਸ੍ਰੀਲੰਕਾ ਦੀ ਟੀਮ ਨੇ ਇੰਗਲੈਂਡ ਨੂੰ 42 ਓਵਰਾਂ ’ਚ 212 ਦੌੜਾਂ ’ਤੇ ਆਊਟ ਕਰਕੇ ਵਿਸ਼ਵ ਕੱਪ ’ਚ ਦੂਜੀ ਜਿੱਤ ਹਾਸਲ ਕੀਤੀ। ਮਲਿੰਗਾ ਨੇ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਰੂਟ ਅਤੇ ਬੇਨ ਸਟੋਕਸ ਨੇ ਨੀਮ ਸੈਂਕੜੇ ਬਣਾਏ ਪਰ ਦੂਜੇ ਪਾਸੇ ਵਿਕਟਾਂ ਡਿਗਦੀਆਂ ਰਹੀਆਂ। ਇਸ ਜਿੱਤ ਨਾਲ ਸ੍ਰੀਲੰਕਾ ਛੇ ਮੈਚਾਂ ’ਚ ਛੇ ਅੰਕ ਲੈ ਕੇ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦਕਿ ਇੰਗਲੈਂਡ ਛੇ ਮੈਚਾਂ ’ਚ ਅੱਠ ਅੰਕ ਲੈ ਕੇ ਤੀਜੇ ਸਥਾਨ ’ਤੇ ਹੈ। ਇਸ ਤੋਂ ਪਹਿਲਾਂ ਜੌਫਰਾ ਆਰਚਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਇੰਗਲੈਂਡ ਨੇ ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਅੱਜ ਸ੍ਰੀਲੰਕਾ ਨੂੰ ਨੌਂ ਵਿਕਟਾਂ ਪਿੱਛੇ 232 ਦੌੜਾਂ ’ਤੇ ਰੋਕ ਦਿੱਤਾ। ਆਰਚਰ ਨੇ 52 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿੱਚ ਪੰਜਵੀਂ ਵਾਰ ਉਸ ਨੇ ਪਾਰੀ ਦੌਰਾਨ ਤਿੰਨ ਜਾਂ ਵੱਧ ਵਿਕਟਾਂ ਲਈਆਂ ਹਨ। ਹੁਣ ਉਸ ਦੀਆਂ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਦੇ ਬਰਾਬਰ 15 ਵਿਕਟਾਂ ਹੋ ਗਈਆਂ ਹਨ। ਮਾਰਕ ਵੁੱਡ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ੍ਰੀਲੰਕਾ ਨੇ ਆਪਣੀਆਂ ਦੋ ਵਿਕਟਾਂ ਸਿਰਫ਼ ਤਿੰਨ ਦੌੜਾਂ ਦੇ ਸਕੋਰ ’ਤੇ ਗੁਆ ਲਈਆਂ ਸਨ। ਇਸ ਮਗਰੋਂ ਐਂਜਲੋ ਮੈਥਿਊਜ਼ (ਨਾਬਾਦ 85 ਦੌੜਾਂ) ਨੇ ਟੀਮ ਨੂੰ ਸੰਕਟ ਵਿੱਚੋਂ ਕੱਢ ਕੇ 200 ਦੌੜਾਂ ਤੋਂ ਪਾਰ ਪਹੁੰਚਾਇਆ। ਵਿਸ਼ਵ ਕੱਪ ਵਿੱਚ ਪਹਿਲਾ ਮੈਚ ਖੇਡ ਰਹੇ ਅਵਿਸ਼ਵਕਾ ਫਰਨਾਂਡੋ ਨੇ 49 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਕਰੁਣਾਰਤਨੇ ਦੂਜੇ ਓਵਰ ਦੀ ਆਖ਼ਰੀ ਗੇਂਦ ’ਤੇ ਸਿਰਫ਼ ਇੱਕ ਦੌੜ ਦੇ ਸਕੋਰ ’ਤੇ ਆਊਟ ਹੋ ਗਿਆ। ਆਰਚਰ ਦੀ ਗੇਂਦ ’ਤੇ ਉਸ ਨੇ ਵਿਕਟ ਪਿੱਛੇ ਜੋਸ ਬਟਲਰ ਨੂੰ ਕੈਚ ਦਿੱਤਾ। ਦੋ ਗੇਂਦਾਂ ਮਗਰੋਂ ਕੁਸਾਲ ਪਰੇਰਾ ਵੀ ਪੈਵਿਲੀਅਨ ਪਰਤ ਗਿਆ ਸੀ।

Previous articleਯੋਗ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਇਆ ਜਾਵੇ: ਮੋਦੀ
Next articleਐਚ-1ਬੀ ਵੀਜ਼ੇ ਨਹੀਂ ਘਟਾਵੇਗਾ ਅਮਰੀਕਾ