ਭੁੱਚੋ ਮੰਡੀ (ਸਮਾਜਵੀਕਲੀ) : ਇੱਥੋਂ ਦੇ ਵਾਰਡ ਨੰ: 13 ਵਿੱਚ ਬੀਤੀ ਰਾਤ ਇੱਕ ਵਿਅਕਤੀ ਨੇ ਦੂਜੀ ਵਾਰ ਇੱਕ ਘਰ ਵਿੱਚ ਦੋ ਬੋਤਲ ਬੰਬ ਸੁੱਟ ਦਿੱਤੇ। ਇਸ ਕਾਰਨ ਸੁੱਤੀਆਂ ਪਈਆਂ ਦੋ ਸਕੀਆਂ ਭੈਣਾਂ ਬੁਰੀ ਤਰ੍ਹਾਂ ਝੁਲਸ ਗਈਆਂ। ਇਨ੍ਹਾਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ।
ਵੱਡੀ ਲੜਕੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਲੜਕੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਲੜਕੀਆਂ ਦੀ ਪਛਾਣ ਦੀਪ ਕੌਰ (28) ਪਤਨੀ ਗੁਰਦੀਪ ਸਿੰਘ ਅਤੇ ਸੰਦੀਪ ਕੌਰ (24) ਪੁੱਤਰੀ ਵੀਰ ਸਿੰਘ ਵਜੋਂ ਹੋਈ ਹੈ।
ਗੁਰਦੀਪ ਸਿੰਘ ਵਾਸੀ ਕਲਿਆਣ ਹਾਲ ਆਬਾਦ ਭੁੱਚੋ ਮੰਡੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਸਾਲੀ ਸੰਦੀਪ ਕੌਰ ਦਾ ਵਿਆਹ 15 ਕੁ ਦਿਨ ਪਹਿਲਾਂ ਗੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਤਲਵੰਡੀ ਸਾਬੋ ਨਾਲ ਹੋਇਆ ਸੀ। ਪਤੀ-ਪਤਨੀ ਵਿੱਚ ਅਣਬਣ ਹੋਣ ਕਾਰਨ ਸੰਦੀਪ ਕੌਰ ਪੇਕੇ ਘਰ ਵਾਪਸ ਆ ਗਈ ਸੀ।
ਇਸ ਕਾਰਨ ਗੁਰਜੀਤ ਸਿੰਘ ਨੇ ਉਨ੍ਹਾਂ ਦੇ ਘਰ ਵਿੱਚ ਬੋਤਲ ਬੰਬ ਸੁੱਟ ਕੇ ਦੋਵਾਂ ਭੈਣਾਂ ਨੂੰ ਜ਼ਖ਼ਮੀ ਕਰ ਦਿੱਤਾ। ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ 13 ਜੂਨ ਦੀ ਰਾਤ ਨੂੰ ਵੀ ਇੱਕ ਬੋਤਲ ਬੰਬ ਸੁੱਟਿਆ ਸੀ। ਉਸ ਸਮੇਂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਹਿ ਗਿਆ ਸੀ। ਉਨ੍ਹਾਂ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਤਾਂ ਜੋ ਉਹ ਮੁੜ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਪੁਲੀਸ ਨੇ ਸ਼ਿਕਾਇਤ ਦੇ ਅਧਾਰ ’ਤੇ ਗੁਰਜੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।