ਰਾਜਪੁਰਾ (ਸਮਾਜਵੀਕਲੀ) : ਪਿੰਡ ਸੇਹਰਾ ਵਾਸੀ 24 ਸਾਲਾ ਸੁਖਚੈਨ ਸਿੰਘ ਨੂੰ ਸਮਾਣਾ ਪੁਲੀਸ ਵੱਲੋਂ ਹੋਰਨਾਂ ਨੌਜਵਾਨਾਂ ਨਾਲ ਅਨਲਾਅ ਫੁੱਲ ਐਕਟੀਵਿਟੀ (ਯੁੂਏਪੀਏ) ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕਰਨ ਦੇ ਮਾਮਲੇ ਸਬੰਧੀ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਮੌਜੂਦ ਸਨ। ਡਾ. ਗਾਂਧੀ ਅਤੇ ਖਹਿਰਾ, ਸਰਪੰਚ ਹਾਕਮ ਸਿੰਘ ਸਮੇਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸੁਖਚੈਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਇਸ ਮੌਕੇ ਸਰਪੰਚ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਤੇ ਦਿਨ ਸਮਾਣਾ ਪੁਲੀਸ ਸੁਖਚੈਨ ਸਿੰਘ ਨੂੰ ਕਿਸੇ ਬਹਾਨੇ ਘਰ ਤੋਂ ਬੁਲਾ ਕੇ ਲੈ ਗਈ ਤੇ ਬਾਅਦ ਵਿੱਚ ਚਾਰ ਹੋਰਨਾਂ ਨੌਜਵਾਨਾਂ ਦੇ ਨਾਲ ਸੁਖਚੈਨ ਸਿੰਘ ਖ਼ਿਲਾਫ਼ ਯੂਏਪੀਏ ਕਾਨੂੰਨ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਡਾ. ਗਾਂਧੀ ਅਤੇ ਖਹਿਰਾ ਨੇ ਕਿਹਾ ਕਿ ਸੁਖਚੈਨ ਸਿੰਘ ਜਿਹੜਾ ਕਿ ਅਤਿ ਗਰੀਬ ਪਰਿਵਾਰ ਨਾਲ ਸਬੰਧਤ ਉਸ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਸ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਖ਼ਿਲਾਫ਼ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਧੱਕੇਸ਼ਾਹੀ ਖਿਲਾਫ ਲੜਾਈ ਲੜੀ ਜਾਵੇਗੀ। ਇਸ ਮੌਕੇ ਪੀੜਤ ਨੌਜਵਾਨ ਦੇ ਭਰਾ ਜਸਪਾਲ ਸਿੰਘ, ਜਗਤਾਰ ਸਿੰਘ, ਬੁੱਧ ਰਾਜ ਮੌਜੂਦ ਸਨ। ਡਾ. ਗਾਂਧੀ ਅਤੇ ਖਹਿਰਾ ਨੇ ਐੱਸਐੱਸਪੀ ਪਟਿਆਲਾ ਤੋਂ ਮੰਗ ਕੀਤੀ ਕਿ ਸੁਖਚੈਨ ਸਿੰਘ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਦਾ ਨਾਮ ਕੇਸ ਵਿੱਚੋਂ ਕੱਢਿਆ ਜਾਵੇ।