ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਚੰਡੀਗੜ੍ਹ (ਸਮਾਜਵੀਕਲੀ) :  ਪੰਜਾਬ ’ਚ ਨਵ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਹੋਣ ਦੇ ਦੋਸ਼ ਲਾਏ ਹਨ। ਕਾਂਗਰਸ ਦੇ ਇਸ਼ਾਰੇ ’ਤੇ ਨਵੀਂ ਪਾਰਟੀ ਕਾਇਮ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਸੂਬੇ ਵਿੱਚ ਸਾਲ 2017 ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ’ਚ ਆਈ ਹੈ ਉਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਦੀਆਂ ਟਰਾਂਸਪੋਰਟ ਕੰਪਨੀਆਂ ਅਤੇ ਕੇਬਲ ਦੇ ਧੰਦਾ ਬੇਰੋਕ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਅਤੇ ਮੰਤਰੀਆਂ ਵੱਲੋਂ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਡੂੰਘਾ ਗੱਠਜੋੜ ਬਣਿਆ ਹੋਇਆ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਦਲੀਲਪੂਰਨ ਤੇ ਸਹੀ ਸੋਚ ਵਾਲੇ ਅਕਾਲੀ ਜਦੋਂ ਪੰਜਾਬ ਤੇ ਪੰਥ ਦੇ ਭਲੇ ਦੀ ਗੱਲ ਕਰਦੇ ਹਨ ਤਾਂ ਬਾਦਲਾਂ ਵੱਲੋਂ ਅਜਿਹੇ ਆਗੂਆਂ ’ਤੇ ਝੱਟ ਹੀ ਕਾਂਗਰਸ ਪਾਰਟੀ ਨਾਲ ਰਲੇ ਹੋਣ ਦਾ ਦੋਸ਼ ਲਾ ਦਿੱਤਾ ਜਾਂਦਾ ਹੈ ਜਦੋਂ ਕਿ ਪੰਜਾਬ ਦਾ ਬੱਚਾ-ਬੱਚਾ ਅੱਜ ਜਾਣਦਾ ਹੈ ਕਿ ਕਾਂਗਰਸ ਸਰਕਾਰ ਨਾਲ ਕੌਣ ਰਲਿਆ ਹੋਇਆ ਹੈ।

ਜੇਕਰ ਬਾਦਲਾਂ ਦਾ ਅਮਰਿੰਦਰ ਸਿੰਘ ਨਾਲ ਸਮਝੌਤਾ ਨਾ ਹੋਇਆ ਹੁੰਦਾ ਤਾਂ ਟਰਾਂਸਪੋਰਟ ਅਤੇ ਕੇਬਲ ਦੇ ਕਾਰੋਬਾਰ ਸਮੇਤ ਹੋਰ ਧੰਦੇ ਬਿਲਕੁਲ ਨਹੀਂ ਸਨ ਚੱਲ ਸਕਦੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੀ ਪੀੜੀ ਹੇਠ ਹੀ ਸੋਟਾ ਫੇਰ ਲੈਣਾ ਚਾਹੀਦਾ ਹੈ।

ਨਵੇਂ ਅਕਾਲੀ ਦਲ ਦੀ ਸਥਿਤੀ ਬਾਰੇ ਗੱਲ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਰੀ ਜ਼ਿੰਦਗੀ ਪਾਰਟੀ ਦੇ ਲੇਖੇ ਲਾਈ ਹੈ। ਇਸ ਲਈ ਇੱਕ ਗੱਲ ਸਪੱਸ਼ਟ ਹੈ ਕਿ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ। ਉਨ੍ਹਾਂ ਕਿਹਾ ਕਿ ਪਰਟੀ ਵੱਲੋਂ ਪੰਜਾਬ ਦੀ ਬਿਹਤਰੀ ਲਈ ਸਾਰੇ ਵਰਗਾਂ ਨਾਲ ਗੱਲਬਾਤ ਕਰਕੇ ਏਜੰਡਾ ਜਾਰੀ ਕੀਤਾ ਜਾਵੇਗਾ। ਖੇਤੀ ਮਾਹਿਰਾਂ, ਨੌਜਵਾਨ ਵਰਗ, ਦਲਿਤਾਂ ਅਤੇ ਵਪਾਰੀਆਂ ਦੇ ਹਿਤਾਂ ਲਈ ਬਾਕਾਇਦਾ ਸਭ ਦੀ ਰਾਏ ਲਏ ਜਾਣ ਤੋਂ ਬਾਅਦ ਹੀ ਕੋਈ ਏਜੰਡਾ ਜਾਰੀ ਕੀਤਾ ਜਾਵੇਗਾ।

Previous articleਸੁੁਖਚੈਨ ਦੇ ਪਰਿਵਾਰ ਨੂੰ ਮਿਲੇ ਗਾਂਧੀ ਤੇ ਖਹਿਰਾ
Next articleਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਭੰਗ ਕਰਨ ਦਾ ਅਕਾਲ ਤਖ਼ਤ ਵੱਲੋਂ ਵਿਰੋਧ