ਸੁਵੇਂਦੂ ਅਧਿਕਾਰੀ ਵੱਲੋਂ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ ਵਿਧਾਇਕ ਤੇ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਸੂਬੇ ਨਾਲ ਸਬੰਧਤ ਕਈ ਮਸਲਿਆਂ ਬਾਰੇ ਚਰਚਾ ਕੀਤੀ। ਸ੍ਰੀ ਅਧਿਕਾਰੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸ੍ਰੀ ਸ਼ਾਹ ਦੇ ਦਫ਼ਤਰ ਨੇ ਗ੍ਰਹਿ ਮੰਤਰੀ ਤੇ ਪੱਛਮੀ ਬੰਗਾਲ ਦੇ ਆਗੂ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ,‘ਸ੍ਰੀ ਸੁਵੇਂਦੂ ਜੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ।’ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਬਣਨ ਮਗਰੋਂ ਪਲੇਠੀ ਮੀਟਿੰਗ ਵਿੱਚ ਸ੍ਰੀ ਅਧਿਕਾਰੀ ਨੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨਾਲ ਵੀ ਮੁਲਾਕਾਤ ਕੀਤੀ।

ਪਾਰਟੀ ਸੂਤਰਾਂ ਮੁਤਾਬਕ ਉਨ੍ਹਾਂ ਵੱਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ। ਇੱਕ ਸੂਤਰ ਮੁਤਾਬਕ ਸ੍ਰੀ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਇੱਕ ਆਗੂ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਸ੍ਰੀ ਸ਼ਾਹ ਨਾਲ ਸੂਬੇ ਨਾਲ ਸਬੰਧਤ ਕਈ ਮਸਲਿਆਂ ਬਾਰੇ ਗੱਲਬਾਤ ਕੀਤੀ ਤੇ ਬੰਗਾਲ ਲਈ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਮੰਗੀਆਂ। ਉਨ੍ਹਾਂ ਲਿਖਿਆ,‘ਮਾਣਯੋਗ ਗ੍ਰਹਿ ਮੰਤਰੀ ਨੇ ਭਰੋਸਾ ਦਿਵਾਇਆ, ਉਹ ਬੰਗਾਲ ਲਈ ਹਮੇਸ਼ਾ ਮੌਜੂਦ ਸਨ ਤੇ ਰਹਿਣਗੇ।’

ਬੀਤੇ ਦਿਨੀਂ ਚੱਕਰਵਾਤੀ ਤੂਫ਼ਾਨ ‘ਯਾਸ’ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਮਤਾ ਬੈਨਰਜੀ ਦੀ ਸਮੀਖਿਆ ਮੀਟਿੰਗ ਵਿੱਚ ਸੁਵੇਂਦੂ ਅਧਿਕਾਰੀ ਦੀ ਮੌਜੂਦਗੀ ਕਾਰਨ ਮੁੱਖ ਮੰਤਰੀ ਨਾਰਾਜ਼ ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਕਈ ਦਿਨਾਂ ਬਾਅਦ ਸ੍ਰੀ ਅਧਿਕਾਰੀ ਵੱਲੋਂ ਭਾਜਪਾ ਦੇ ਉੱਚ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਹੈ। ਸੂਤਰਾਂ ਮੁਤਾਬਕ, ਮੁੱਖ ਮੰਤਰੀ ਮਮਤਾ ਬੈਨਰਜੀ ਉਪਰੋਕਤ ਮੀਟਿੰਗ ਵਿੱਚ ਦੇਰੀ ਨਾਲ ਪੁੱਜੇ ਸਨ ਤੇ ਤੂਫ਼ਾਨ ਦੇ ਪ੍ਰਭਾਵ ਬਾਰੇ ਇੱਕ ਰਿਪੋਰਟ ਜਮ੍ਹਾਂ ਕਰਵਾਉਣ ਮਗਰੋਂ ਚਲੇ ਗਏ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਨੂੰ ਖ਼ੂਨ ਨਾਲ ਚਿੱਠੀ ਲਿਖੀ
Next article‘ਮੋਤੀ ਮਹਿਲ’ ਘੇਰਨ ਜਾ ਰਹੇ ਬੇਰੁਜ਼ਗਾਰਾਂ ’ਤੇ ਲਾਠੀਚਾਰਜ