‘ਮੋਤੀ ਮਹਿਲ’ ਘੇਰਨ ਜਾ ਰਹੇ ਬੇਰੁਜ਼ਗਾਰਾਂ ’ਤੇ ਲਾਠੀਚਾਰਜ

 

  • ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਸਾਂਝੇ ਮੋਰਚੇ ਨੇ ਘਿਰਾਓ ਦਾ ਪ੍ਰੋਗਰਾਮ ਵਾਪਸ ਲਿਆ

ਪਟਿਆਲਾ (ਸਮਾਜ ਵੀਕਲੀ): ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੱਦੇ ’ਤੇ ਪੰਜਾਬ ਭਰ ਵਿੱਚੋਂ ਇੱਥੇ ਨਿਊ ਮੋਤੀ ਬਾਗ਼ ਪੈਲੇਸ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਬਲਾਂ ਵੱਲੋਂ ਅੱਜ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਖਿੱਚ-ਧੂਹ ਕੀਤੀ ਗਈ। ਪੁਲੀਸ ਨੇ ਮਹਿਲਾਵਾਂ ਸਮੇਤ ਦਰਜਨਾਂ ਬੇਰੁਜ਼ਗਾਰ ਕਾਰਕੁਨਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਘੰਟਿਆਂ ਬੱਧੀ ਬੰਦ ਕਰੀ ਰੱਖਿਆ। ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ 14 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਕਾਰੀਆਂ ਨੇ ਮੋਤੀ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਵਾਪਸ ਲੈ ਲਿਆ।

ਸਿੱਖਿਆ ਤੇ ਸਿਹਤ ਵਿਭਾਗਾਂ ਵਿੱਚ ਰੁਜ਼ਗਾਰ ਦੀ ਮੰਗ ਤੇ ਭਰਤੀ ਸਬੰਧੀ ਮਸਲਿਆਂ ਨੂੰ ਲੈ ਕੇ ਬੇਰੁਜ਼ਗਾਰ ਸਾਂਝਾ ਮੋਰਚਾ (ਟੈੱਟ ਪਾਸ ਬੇਰਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀਪੀਈ (873), ਪੀਟੀਆਈ (646), ਬੇਰੁਜ਼ਗਾਰ ਆਰਟ ਐੱਡ ਕਰਾਫਟ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰ) ਦੇ ਸੱਦੇ ’ਤੇ ਸੂਬੇ ਭਰ ਵਿੱਚੋਂ ਪੁੱਜੇ ਵੱਡੀ ਗਿਣਤੀ ਬੇਰੁਜ਼ਗਾਰ ਪਹਿਲਾਂ ਇਥੇ ਬਾਰਾਂਦਰੀ ਗਾਰਡਨ ਵਿੱਚ ਇਕੱਤਰ ਹੋਏ। ਫਿਰ ਮੁੱਖ ਮੰਤਰੀ ਦੇ ਸਥਾਨਕ ਘਰ ‘ਨਿਊ ਮੋਤੀ ਬਾਗ਼ ਪੈਲੇਸ’ ਵੱਲ ਰੋਸ ਮਾਰਚ ਦੀ ਸ਼ਕਲ ਵਿੱਚ ਵਧੇ। ਜਿਉਂ ਹੀ ਉਹ ਵਾਈਪੀਐੱਸ ਚੌਕ ’ਚ ਪੁੱਜੇ ਤਾਂ ਪੁਲੀਸ ਬਲਾਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲੀਸ ਨੇ ਖਿੱਚ-ਧੂਹ ਮਗਰੋਂ ਉਨ੍ਹਾਂ ਨੂੰ ਬੱਸਾਂ ’ਚ ਜਬਰੀ ਚਾੜ੍ਹਨਾ ਸ਼ੁਰੂ ਕਰ ਦਿੱਤਾ।

ਜਦੋਂ ਕੁਝ ਕਾਰਕੁਨਾਂ ਨੇ ਵਿਰੋਧ ਕੀਤਾ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਕਈ ਕਾਰਕੁਨਾਂ ਨੂੰ ਭਜਾ ਭਜਾ ਕੇ ਕੁੱਟਿਆ। ਖਿੱਚ-ਧੂਹ ਦੌਰਾਨ ਕਈ ਮਹਿਲਾਵਾਂ ਨੂੰ ਸੱਟਾਂ ਲੱਗੀਆਂ ਹਨ। ਪੁਲੀਸ ਨੇ ਜਥੇਬੰਦੀਆਂ ਦੇ ਆਗੂਆਂ ਸਮੇਤ ਛੇ ਦਰਜਨ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚ 30 ਮਹਿਲਾਵਾਂ ਸਨ। ਪੁਲੀਸ ਉਨ੍ਹਾਂ ਨੂੰ ਪਹਿਲਾਂ ਅਣਦੱਸੀ ਥਾਂ ਲੈ ਗਈ, ਫਿਰ ਭੁਨਰਹੇੜੀ ਤੇ ਬਾਦਸ਼ਾਹਪੁਰ ਥਾਣਿਆਂ ਵਿੱਚ ਲਿਆਂਦਾ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਵਾਈਪੀਐੱਸ ਚੌਕ ਕੋਲ ਆਪਣਾ ਧਰਨਾ ਜਾਰੀ ਰੱਖਿਆ। ਪ੍ਰਸ਼ਾਸਨ ਵੱਲੋਂ 14 ਜੂਨ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਮੋਰਚੇ ਨੇ ਰੋਸ ਪ੍ਰੋਗਰਾਮ ਦਾ ਫ਼ੈਸਲਾ ਵਾਪਸ ਲੈ ਲਿਆ ਹੈ।

ਮੋਰਚੇ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੁਲੀਸ ਨੇ ਹਿਰਾਸਤ ਵਿੱਚ ਲਏ ਸਾਰੇ ਕਾਰਕੁਨਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਹੈ। ਉਧਰ ਵੱਖ ਵੱਖ ਮੁਲਾਜ਼ਮਾਂ ਤੇ ਸਿਆਸੀ ਜਥੇਬੰਦੀਆਂ ਨੇ ਬੇਰੁਜ਼ਗਾਰਾਂ ’ਤੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਨਿਭਾਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਵੇਂਦੂ ਅਧਿਕਾਰੀ ਵੱਲੋਂ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ
Next articleਉੱਤਰ ਪ੍ਰਦੇਸ਼ ਸਰਕਾਰ ਵੱਲੋਂ 75 ਜ਼ਿਲ੍ਹਿਆਂ ਵਿੱਚ ਕਰਫਿਊ ’ਚ ਢਿੱਲ