ਸੁਖਬੀਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਕੀਤੇ ਗਏ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਪੰਜ ਸਾਲਾਂ ਵਾਸਤੇ ਪਾਰਟੀ ਦਾ ਤੀਜੀ ਵਾਰ ਮੁੜ ਪ੍ਰਧਾਨ ਚੁਣਿਆ ਹੈ। ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਪ੍ਰਧਾਨ ਦੇ ਉਮੀਦਵਾਰ ਵਾਸਤੇ ਕੋਈ ਹੋਰ ਨਾਂ ਸਾਹਮਣੇ ਨਾ ਆਉਣ ’ਤੇ ਚੋਣ ਨਿਗਰਾਨ ਬਣੇ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਐਲਾਨਿਆ। ਇਸ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਤਾਈਦ ਮਜੀਦ ਜਗਮੀਤ ਸਿੰਘ ਬਰਾੜ ਨੇ ਕੀਤੀ। ਤੀਜੀ ਵਾਰ ਪ੍ਰਧਾਨ ਚੁਣੇ ਜਾਣ ’ਤੇ ਇਜਲਾਸ ਵਿੱਚ ਹਾਜ਼ਰ ਡੈਲੀਗੇਟਾਂ ਨੇ ਜੈਕਾਰਿਆਂ ਅਤੇ ਸਿਰੋਪਾਓ ਨਾਲ ਸ੍ਰੀ ਬਾਦਲ ਦਾ ਸਨਮਾਨ ਕੀਤਾ। ਪ੍ਰਧਾਨ ਚੁਣੇ ਜਾਣ ਮਗਰੋਂ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਸ੍ਰੀ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਹਿੱਤਾਂ ਨੂੰ ਹਮੇਸ਼ਾਂ ਉਪਰ ਰੱਖਣਗੇ ਅਤੇ ਇਨ੍ਹਾਂ ਦੀ ਪੂਰਤੀ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਨ੍ਹਾਂ ਡੈਲੀਗੇਟਾਂ ਨੂੰ ਮਿਸ਼ਨ 2022 ਦੀ ਜਾਣਕਾਰੀ ਦਿੰਦਿਆਂ ਮੁੜ ਅਕਾਲੀ ਸਰਕਾਰ ਸਥਾਪਤ ਕਰਨ ਲਈ ਅਗਲੇ ਦੋ ਸਾਲ ਪਾਰਟੀ ਵਾਸਤੇ ਜੀਅ ਜਾਨ ਨਾਲ ਡਟਣ ਦਾ ਸੱਦਾ ਦਿੱਤਾ। ਟਕਸਾਲੀਆਂ ਬਾਰੇ ਗੱਲ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਆਖਿਆ ਕਿ ਟਕਸਾਲੀ ਉਹ ਹਨ, ਜੋ ਪਾਰਟੀ ਨਾਲ ਪੱਕੇ ਤੌਰ ’ਤੇ ਖੜ੍ਹੇ ਹਨ ਅਤੇ ਨਿੱਜੀ ਮੁਫ਼ਾਦਾਂ ਤੋਂ ਉਪਰ ਉੱਠ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧੜਿਆਂ ਬਾਰੇ ਸੋਚ ਕੇ ਆਪਣੀ ਸ਼ਕਤੀ ਵਿਅਰਥ ਕਰਨ ਦੀ ਥਾਂ ਉਹ ਪਾਰਟੀ ਨੂੰ ਹੋਰ ਬੁਲੰਦੀ ਵੱਲ ਲਿਜਾਣ ਲਈ ਸੋਚਣਗੇ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੇ ਜੀਵਨ ਦਾ ਵਧੇਰਾ ਸਮਾਂ ਪਾਰਟੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਦੇਸ਼ ਅਤੇ ਸੂਬੇ ਦੀ ਤਰੱਕੀ ਹੈ ਪਰ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਅਤੇ ਖੁਸ਼ਹਾਲ ਹੋ ਸਕਦਾ ਹੈ ਜੇਕਰ ਸੂਬੇ ਕੋਲ ਵਧੇਰੇ ਹੱਕ ਹੋਣ। ਉਨ੍ਹਾਂ ਨੇ ਸੰਘੀ ਢਾਂਚੇ ਦੀ ਸਥਾਪਤੀ ਦੀ ਮੰਗ ਕੀਤੀ। ਨਾਗਰਿਕਤਾ ਬਿੱਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿੱਲ ਦਾ ਸਮਰਥਨ ਕੀਤਾ ਹੈ ਪਰ ਬਿੱਲ ਵਿਚ ਮੁਸਲਿਮ ਭਾਈਚਾਰੇ ਦਾ ਨਾਂ ਸ਼ਾਮਲ ਕਰਨ ਲਈ ਵੀ ਆਖਿਆ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਖਾਸ ਕਰ ਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਗੁਟਕੇ ਦੀ ਸਹੁੰ ਚੁਕ ਕੇ ਵੀ ਸੂਬੇ ਦਾ ਕੋਈ ਫਿਕਰ ਨਹੀਂ ਕੀਤਾ। ਚੋਣ ਮਗਰੋਂ ਉਨ੍ਹਾਂ ਸਮੂਹ ਆਗੂਆਂ ਤੇ ਡੈਲੀਗੇਟਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਵੀ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਵੇਰੇ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਅੱਜ ਇਸ ਡੈਲੀਗੇਟ ਇਜਲਾਸ ਵਿਚ 500 ਤੋਂ ਵੱਧ ਡੈਲੀਗੇਟ ਹਾਜ਼ਰ ਹੋਏ। ਇਜਲਾਸ ਵਿਚ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਪੁੱਜੇ ਪਰ ਉਨ੍ਹਾਂ ਦਾ ਡੈਲੀਗੇਟਾਂ ਪ੍ਰਤੀ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ।

Previous articleSukhbir unanimously re-elected SAD chief for third time
Next articleਮੋਦੀ ਸਰਕਾਰ ਨੇ ਦੇਸ਼ ਬਰਬਾਦ ਕੀਤਾ: ਸੋਨੀਆ