ਮੋਦੀ ਸਰਕਾਰ ਨੇ ਦੇਸ਼ ਬਰਬਾਦ ਕੀਤਾ: ਸੋਨੀਆ

* ਲੋਕਾਂ ਨੂੰ ‘ਮੋਦੀ-ਸ਼ਾਹ’ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ
* ਸਰਕਾਰ ਨੇ ‘ਲੁਭਾਉਣੇ ਵਾਅਦੇ’ ਕਰ ਕੇ ਪੁਗਾਏ ਨਹੀਂ: ਮਨਮੋਹਨ
* ਦੇਸ਼ ਨੂੰ ਵੰਡਣ ਤੇ ਆਰਥਿਕਤਾ ਤਬਾਹ ਕਰਨ ਦਾ ਦੋਸ਼

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇੱਥੇ ਰਾਮਲੀਲਾ ਮੈਦਾਨ ’ਚ ਪਾਰਟੀ ਦੀ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦੀ ‘ਰੂਹ ਨੂੰ ਤਾਰ-ਤਾਰ’ ਕਰ ਦੇਵੇਗਾ। ਨਵੇਂ ਬਣੇ ਇਸ ਕਾਨੂੰਨ ਦੇ ਪੱਖ ਤੋਂ ‘ਮੋਦੀ-ਸ਼ਾਹ’ ਸਰਕਾਰ ’ਤੇ ਤਿੱਖਾ ਹੱਲਾ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਇੱਕੋ-ਇਕ ਏਜੰਡਾ ਆਪਣੇ ਸਿਆਸੀ ਹਿੱਤ ਪੂਰਨ ਲਈ ਲੋਕਾਂ ਨੂੰ ਲੜਾਉਣਾ ਹੈ ਤਾਂ ਕਿ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਸੋਨੀਆ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਨਿਆਂ ਖ਼ਿਲਾਫ਼ ਆਪਣੇ ਸੰਘਰਸ਼ ਤੋਂ ਕਿਸੇ ਵੀ ਸੂਰਤ ’ਚ ਪਿੱਛੇ ਨਹੀਂ ਹਟੇਗੀ। ਕਾਂਗਰਸ ਪ੍ਰਧਾਨ ਨੇ ਨਿੱਘਰਦੀ ਆਰਥਿਕਤਾ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਲੋਕਾਂ ਨੂੰ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਖ਼ਾਤਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਸੋਨੀਆ ਨੇ ਕਿਹਾ ਕਿ ਪਾਰਟੀ ਪਿੱਛੇ ਨਹੀਂ ਹਟੇਗੀ ਤੇ ਆਖ਼ਰੀ ਸਾਹ ਤੱਕ ਸੰਘਰਸ਼ ਕਰੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁਲਕ, ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਪਾਰਟੀ ਆਪਣਾ ਫ਼ਰਜ਼ ਅਦਾ ਕਰੇਗੀ। ਸੋਨੀਆ ਨੇ ਹਿੰਦੀ ਵਿਚ ਭਾਸ਼ਨ ਦਿੰਦਿਆਂ ਕਿਹਾ ‘ਅੰਧੇਰ ਨਗਰੀ ਚੌਪਟ ਰਾਜਾ ਵਾਲਾ ਮਾਹੌਲ ਹੈ, ਕਹਾਂ ਹੈ ਸਬਕਾ ਸਾਥ ਸਬਕਾ ਵਿਕਾਸ।’ ਆਰਥਿਕ ਸਥਿਤੀ ਨਾਲ ਨਜਿੱਠਣ ਦੀ ਸਰਕਾਰ ਦੀ ਨੀਤੀ ’ਤੇ ਸਵਾਲ ਉਠਾਉਂਦਿਆਂ ਸੋਨੀਆ ਨੇ ਕਿਹਾ ਕਿ ਨੌਕਰੀਆਂ ਤੇ ਆਰਥਿਕਤਾ ਨੂੰ ਕੀ ਹੋ ਗਿਆ ਹੈ? ਕਾਂਗਰਸ ਆਗੂ ਨੇ ਭਾਸ਼ਨ ’ਚ ਮਹਿਲਾਵਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਇਨ੍ਹਾਂ ਵਰਗਾਂ ਦੇ ਹੱਕਾਂ ਦੀ ਰਾਖ਼ੀ ਲਈ ਸੰਘਰਸ਼ ਕਰਨ ਲਈ ਕਿਹਾ। ਸੋਨੀਆ ਨੇ ਕਿਹਾ ‘ਸਭ ਤੋਂ ਵੱਡਾ ਪਾਪ ਅਨਿਆਂ ਸਹਿਣਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਮੋਦੀ-ਸ਼ਾਹ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਕੇ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਲੋਕਤੰਤਰ ਦੀ ਰਾਖ਼ੀ ਲਈ ਅਸੀਂ ਕਿਸੇ ਵੀ ਤਿਆਗ ਲਈ ਤਿਆਰ ਹਾਂ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਕਾਨੂੰਨ ਲੰਮੇ ਸਮੇਂ ਤੋਂ ਭਾਜਪਾ ਦੇ ਏਜੰਡੇ ਦਾ ਹਿੱਸਾ ਸੀ, ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਦੇ ਕੀ ਸਿੱਟੇ ਨਿਕਲਣਗੇ। ਅਸਾਮ ਤੇ ਉੱਤਰ-ਪੂਰਬੀ ਰਾਜਾਂ ’ਚ ਜੋ ਕੁਝ ਹੋ ਰਿਹਾ ਹੈ, ਸਾਰਿਆਂ ਦੇ ਸਾਹਮਣੇ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਮੋਦੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ‘ਲੁਭਾਉਣੇ ਵਾਅਦੇ’ ਕਰ ਕੇ ‘ਪੁਗਾਏ’ ਨਹੀਂ ਗਏ। ਸੋਨੀਆ ਨੇ ਕਿਹਾ ਕਿ ਮੁਲਕ ਦੀ ਨੀਂਹ ਜੋ ਕਿ ਸੰਵਿਧਾਨ ਹੈ, ਅਜਿਹੇ ਪੱਖਪਾਤੀ ਫ਼ੈਸਲਿਆਂ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜਿਸ ਨਾਲ ਵੀ ਨਾ-ਇਨਸਾਫ਼ੀ ਹੋਵੇਗੀ, ਕਾਂਗਰਸ ਉਸ ਨਾਲ ਖੜ੍ਹੇਗੀ।

Previous articleਸੁਖਬੀਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
Next articleਨਾਗਰਿਕਤਾ ਕਾਨੂੰਨ: ਰੁਕ ਨਹੀਂ ਰਹੇ ਹਿੰਸਕ ਪ੍ਰਦਰਸ਼ਨ