ਪੁਲੀਸ ਵੱਲੋਂ ਤਿੰਨ ਦਹਿਸ਼ਤਗਰਦ ਮਾਰ ਮੁਕਾਉਣ ਦਾ ਦਾਅਵਾ

ਸ੍ਰੀਨਗਰ (ਸਮਾਜ ਵੀਕਲੀ):ਪੁਲੀਸ ਨੇ ਸ਼ਹਿਰ ਦੇ ਪਰਿਮਪੋਰਾ ਇਲਾਕੇ ’ਚ ਕੱਲ ਰਾਤ ਤੋਂ ਚੱਲ ਰਹੇ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਉਂਜ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਦਹਿਸ਼ਤਗਰਦੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ। ਪਰਿਵਾਰਾਂ ਨੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ’ਚ ਪੁਲੀਸ ਕੰਟਰੋਲ ਰੂਮ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਅਤੇ ਦਾਅਵਾ ਕੀਤਾ ਕਿ ਇਕ ਨੌਜਵਾਨ 11ਵੀਂ ਅਤੇ ਦੂਜਾ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਜਦਕਿ ਤੀਜਾ ਨੌਜਵਾਨ ਤਰਖਾਣ ਸੀ।

ਇਸ ਦੌਰਾਨ ਬਾਲਾਕੋਟ ਸੈਕਟਰ ’ਚ ਝਾੜੀਆਂ ’ਚ ਦਹਿਸ਼ਤਗਰਦਾਂ ਵੱਲੋਂ ਲੁਕੋ ਕੇ ਰੱਖੇ ਗਏ ਹਥਿਆਰ ਬਰਾਮਦ ਹੋਏ ਹਨ। ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜਦੋਂ ਸੁਰੱਖਿਆ ਬਲਾਂ ਵੱਲੋਂ ਘੇਰਾਬੰਦੀ ਕਰਕੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਉਥੇ ਲੁਕੇ ਦਹਿਸ਼ਤਗਰਦਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਘੇਰਾਬੰਦੀ ਦੌਰਾਨ ਪੂਰੀ ਰਾਤ ਦੋਵੇਂ ਪਾਸਿਆਂ ਤੋਂ ਰੁਕ ਰੁਕ ਕੇ ਗੋਲੀਬਾਰੀ ਹੁੰਦੀ ਰਹੀ।

ਇਕ ਦਹਿਸ਼ਤਗਰਦ ਅੱਜ ਤੜਕੇ ਮਾਰਿਆ ਗਿਆ ਜਦਕਿ ਬਾਕੀ ਦੇ ਦੋ ਹੋਰ ਕੁਝ ਘੰਟਿਆਂ ਬਾਅਦ ਮਾਰੇ ਗਏ। ਪੁਲੀਸ ਨੇ ਮਾਰੇ ਗਏ ਨੌਜਵਾਨਾਂ ਦੀ ਸ਼ਨਾਖ਼ਤ ਜਾਂ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰਿਵਾਰਾਂ ਮੁਤਾਬਕ ਮਾਰੇ ਗਏ ਨੌਜਵਾਨਾਂ ਦੇ ਨਾਮ ਅਤਹਰ ਮੁਸ਼ਤਾਕ, ਐਜਾਜ਼ ਮਕਬੂਲ ਅਤੇ ਜ਼ੁਬੈਰ ਅਹਿਮਦ ਹਨ। ਮਕਬੂਲ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਕੱਲ 11 ਵਜੇ ਯੂਨੀਵਰਸਿਟੀ ਲਈ ਨਿਕਲਿਆ ਸੀ ਅਤੇ ਤਿੰਨ ਵਜੇ ਉਸ ਨੇ ਕਿਹਾ ਕਿ ਸੀ ਕਿਸੇ ਕਾਰਨ ਉਸ ਨੂੰ ਯੂਨੀਵਰਸਿਟੀ ’ਚ ਰੁਕਣਾ ਪਵੇਗਾ ਪਰ ਅੱਜ ਸੁਨੇਹਾ ਮਿਲਿਆ ਕਿ ਉਸ ਨੂੰ ਮਾਰ ਦਿੱਤਾ ਗਿਆ ਹੈ। ਮਕਬੂਲ ਪੁਲੀਸ ਵਾਲੇ ਦਾ ਪੁੱਤਰ ਹੈ। ਹੋਰ ਪਰਿਵਾਰਾਂ ਨੇ ਵੀ ਅਜਿਹੇ ਹੀ ਦੋਸ਼ ਲਾਏ ਹਨ।

ਉਧਰ ਸੁਰੱਖਿਆ ਬਲਾਂ ਨੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨਾਲ ਲਗਦੇ ਬਾਲਾਕੋਟ ਸੈਕਟਰ ਦੇ ਪਿੰਡ ਡਾਬੀ ’ਚੋ ਦਹਿਸ਼ਤਗਰਦਾਂ ਵੱਲੋਂ ਲੁਕਾ ਕੇ ਰੱਖੇ ਗਏ ਹਥਿਆਰ, ਗੋਲੀ-ਸਿੱਕਾ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਐਤਵਾਰ ਨੂੰ ਫੜੇ ਗਏ ਦਹਿਸ਼ਤਗਰਦਾਂ ਦੇ ਸਾਥੀਆਂ ਦੀ ਸੂਹ ’ਤੇ ਇਹ ਬਰਾਮਦਗੀ ਹੋਈ ਹੈ। ਪੁਣਛ ਦੇ ਐੱਸਐੱਸਪੀ ਰਮੇਸ਼ ਕੁਮਾਰ ਅੰਗਰਾਲ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਅਤੇ ਫ਼ੌਜ ਨੇ ਦੋ ਪਿਸਤੌਲਾਂ, 70 ਰੌਂਦ ਅਤੇ ਦੋ ਗਰਨੇਡ ਬਰਾਮਦ ਕੀਤੇ ਜੋ ਝਾੜੀਆਂ ’ਚ ਲੁਕਾ ਕੇ ਰੱਖੇ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਜੁੜੇ ਦਹਿਸ਼ਤਗਰਦਾਂ ਵੱਲੋਂ ਪੁਣਛ ’ਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਫ਼ੌਜ ਅਤੇ ਪੁਲੀਸ ਨੇ ਮਿਲ ਕੇ ਪਹਿਲਾਂ ਹੀ ਨਾਕਾਮ ਬਣਾ ਦਿੱਤਾ।

Previous articleਸੀਤ ਲਹਿਰ ਨਾਲ ਮੈਦਾਨਾਂ ’ਚ ਛਿੜਿਆ ਕਾਂਬਾ
Next articleਕਮਲਾ ਹੈਰਿਸ ਨੇ ਮੌਡਰਨਾ ਕੋਵਿਡ ਵੈਕਸੀਨ ਦੀ ਡੋਜ਼ ਲਈ