ਲੰਡਨ- ਬਰਤਾਨੀਆ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸੰਭਾਵਿਤ ਅਸਰ ਬਾਰੇ ਚਿੰਤਾ ਦੁਹਰਾਉਂਦਿਆਂ ਕਿਹਾ ਹੈ ਕਿ ਉਹ ਭਾਰਤ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਲਗਾਤਾਰ ਨੇੜਿਉਂ ਨਿਗਾਹ ਰੱਖ ਰਿਹਾ ਹੈ। ਵਿਰੋਧੀ ਧਿਰ ਲੇਬਰ ਪਾਰਟੀ ਦੇ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਖਾਲਿਦ ਮਹਿਮੂਦ ਵੱਲੋਂ ਮੰਗਲਵਾਰ ਨੂੰ ਹਾਊਸ ਆਫ਼ ਕਾਮਨਜ਼ ’ਚ ‘ਭਾਰਤ ’ਚ ਹੁਣੇ ਜਿਹੀ ਹੋਈ ਹਿੰਸਾ’ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਜਵਾਬ ’ਚ ਵਿਦੇਸ਼ ਅਤੇ ਕਾਮਨਵੈੱਲਥ ਦਫ਼ਤਰ ਮਾਮਲਿਆਂ ਬਾਰੇ ਮੰਤਰੀ ਨਾਈਜਲ ਐਡਮਜ਼ ਨੇ ਕਿਹਾ ਕਿ ਇੰਗਲੈਂਡ ਨੇ ਮਨੁੱਖੀ ਹੱਕਾਂ ਸਮੇਤ ਹਰ ਪੱਧਰ ’ਤੇ ਭਾਰਤ ਨਾਲ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਮੁਲਕ ਦੀ ਧਾਰਮਿਕ ਸਹਿਣਸ਼ੀਲਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਦੇ ‘ਗੌਰਵਸ਼ਾਲੀ ਇਤਿਹਾਸ’ ਦਾ ਵੀ ਜ਼ਿਕਰ ਕੀਤਾ। ਵਿਦੇਸ਼ ਮੰਤਰੀ ਡੌਮੀਨਿਕ ਰਾਬ ਦੇ ਤੁਰਕੀ ਦੌਰੇ ’ਤੇ ਹੋਣ ਕਰਕੇ ਐਡਮਜ਼ ਨੇ ਇਹ ਜਵਾਬ ਦਿੱਤਾ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨਾਲ ਗੂੜ੍ਹੇ ਸਬੰਧ ਹੋਣ ਕਰ ਕੇ ਬਰਤਾਨੀਆ ਵਿਵਾਦਤ ਮੁੱਦਿਆਂ ਬਾਰੇ ਉਨ੍ਹਾਂ ਨਾਲ ਚਰਚਾ ਕਰ ਸਕਦਾ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਸਮੇਤ ਹੋਰ ਮੁੱਦਿਆਂ ’ਤੇ ਜਦੋਂ ਬਰਤਾਨੀਆ ਚਿੰਤਾ ਜ਼ਾਹਿਰ ਕਰਦਾ ਹੈ ਤਾਂ ਭਾਰਤ ਇਨ੍ਹਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦਾ ਹੈ। ਮਹਿਮੂਦ ਨੇ ਸਰਕਾਰੀ ਜਵਾਬ ਨੂੰ ਖਾਨਾਪੂਰਤੀ ਕਰਾਰ ਦਿੱਤਾ। ਪਾਕਿਸਤਾਨੀ ਮੂਲ ਦੀ ਸੰਸਦ ਮੈਂਬਰ ਨੁਸਰਤ ਗਨੀ ਨੇ ਸਰਕਾਰ ਨੂੰ ਕਿਹਾ ਕਿ ਉਹ ਯੂਕੇ ਸੰਸਦ ਵੱਲੋਂ ਜਤਾਈ ਗਈ ਚਿੰਤਾ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕਰੇ।
HOME ਸੀਏਏ ਨੂੰ ਲੈ ਕੇ ਬਰਤਾਨੀਆ ਵੀ ਫਿਕਰਮੰਦ