ਪਤੀ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਜਸਵੀਰ ਕੌਰ

ਪੰਜਾਬ ਵਿਧਾਨ ਸਭਾ ਵਿੱਚ ਅੱਜ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਵਿਧਵਾ ਨੇ ਪਹੁੰਚ ਕੇ ਮੀਡੀਆ ਦੇ ਸਾਹਮਣੇ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ।
ਬੀਬੀ ਜਸਵੀਰ ਕੌਰ ਨੇ ਇਹ ਵੀ ਕਿਹਾ ਕਿ ਪਰਿਵਾਰ ਦਾ ਜੇਕਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਹ ਦੋਵੇਂ ਵਿਅਕਤੀ ਅਤੇ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੀ ਮੌਤ ਕੋਈ ਸਾਧਾਰਨ ਮੌਤ ਨਹੀਂ ਸੀ ਬਲਕਿ ਇਸ ਲਈ ਸਰਕਾਰੀ ਤੰਤਰ ਅਤੇ ਉਕਤ ਦੋਵੇਂ ਵਿਅਕਤੀ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਹੋਣ ਕਰਕੇ ਉਕਤ ਵਿਅਕਤੀਆਂ ਵੱਲੋਂ ਮੇਰੇ ਪਤੀ ਨੂੰ ਗਵਾਹੀ ਤੋਂ ਮੁੱਕਰਨ ਅਤੇ ਦੋਸ਼ੀ ਪੁਲੀਸ ਅਫ਼ਸਰਾਂ ਦੇ ਹੱਕ ’ਚ ਬਿਆਨ ਦੇਣ ਦਾ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੇ ਧਿਆਨ ’ਚ ਲਿਆਂਦਾ ਗਿਆ ਤੇ ਇਸ ਸੇਵਾ ਮੁਕਤ ਜੱਜ ਵੱਲੋਂ ਸਬੰਧਤ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਪਰ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਉਕਤ ਦੋਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਬੀਬੀ ਜਸਵੀਰ ਕੌਰ ਨੇ ਵਿਧਾਨ ਸਭਾ ਪਹੁੰਚ ਕੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇੱਕ ਚਿੱਠੀ ਵੀ ਦਿੱਤੀ ਜਿਸ ਰਾਹੀਂ ਸਾਰੀ ਵਿਥਿਆ ਬਿਆਨ ਕੀਤੀ ਗਈ। ਮ੍ਰਿਤਕ ਸੁਰਜੀਤ ਸਿੰਘ ਦੀ ਵਿਧਵਾ ਦੇ ਵਿਧਾਨ ਸਭਾ ਪਹੁੰਚਣ ਕਾਰਨ ਵੱਡਾ ਹੰਗਾਮਾ ਵੀ ਹੋਇਆ। ਪੁਲੀਸ ਵੱਲੋਂ ਇਸ ਔਰਤ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਗਏ ਪਰ ਅਕਾਲੀਆਂ ਨੇ ਅਜਿਹਾ ਨਾ ਹੋਣ ਦਿੱਤਾ।

Previous articleਕੈਪਟਨ, ਮਨਪ੍ਰੀਤ ਤੇ ਮਹਿੰਦਰਾ ਨੇ ਮੇਅਰ ਨੂੰ ਧੂਹਿਆ
Next articleਸੀਏਏ ਨੂੰ ਲੈ ਕੇ ਬਰਤਾਨੀਆ ਵੀ ਫਿਕਰਮੰਦ