ਕੂੜਾ ਪ੍ਰਾਸੈਸਿੰਗ ਪਲਾਂਟ ਦਾ ਸਮਝੌਤਾ ਹੋਵੇਗਾ ਰੱਦ

ਚੰਡੀਗੜ੍ਹ ਨਗਰ ਨਿਗਮ ਨੇ ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਨੂੰ ਚਲਾਉਣ ਬਾਰੇ ਜੈ ਪ੍ਰਕਾਸ਼ ਐਸੋਸੀਏਟਸ ਕੰਪਨੀ ਨਾਲ ਜੋ ਸਮਝੌਤਾ ਕੀਤਾ ਸੀ, ਉਸ ਨੂੰ ਰੱਦ ਕਰਨ ਬਾਰੇ ਨਿਗਮ ਹਾਊਸ ਦੀ ਸਪੈਸ਼ਲ ਮੀਟਿੰਗ ਦੌਰਾਨ ਅੱਜ ਹਰੀ ਝੰਡੀ ਦਿੱਤੀ ਗਈ। ਨਿਗਮ ਵੱਲੋਂ ਪਿਛਲੇ ਮਹੀਨੇ ਦੀ ਹਾਊਸ ਮੀਟਿੰਗ ਦੌਰਾਨ ਗਾਰਬੇਜ ਪ੍ਰੋਸੈਸਿੰਗ ਪਲਾਂਟ ਸਬੰਧੀ ਸਮਝੌਤਾ ਰੱਦ ਕਰਨ ਦਾ ਫੈਸਲੇ ਲਿਆ ਗਿਆ ਸੀ। ਮੇਅਰ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਅੱਜ ਮੀਟਿੰਗ ਸੱਦੀ ਸੀ। ਮੀਟਿੰਗ ਦੌਰਾਨ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਹਾਊਸ ਮੀਟਿੰਗ ਦੌਰਾਨ ਗਾਰਬੇਜ ਪ੍ਰਾਸੈਸਿੰਗ ਪਲਾਂਟ ਦੇ ਸਮਝੌਤੇ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ ਤਾਂ ਹੁਣ ਮੁੜ ਤੋਂ ਇਸ ਮੁੱਦੇ ਬਾਰੇ ਰੀਵਿਊ ਮੀਟਿੰਗ ਬੁਲਾਉਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਦੀ ਇਸ ਮਾਮਲੇ ਨੂੰ ਲੈਕੇ ਮੇਅਰ ਰਾਜ ਬਾਲਾ ਮਲਿਕ ਨਾਲ ਬਹਿਸ ਹੋ ਗਈ ਅਤੇ ਭਾਜਪਾ ਕੌਂਸਲਰ ਵੀ ਖਹਿਬੜ ਪਏ।
ਮੀਟਿੰਗ ਦੌਰਾਨ ਕੌਂਸਲਰ ਅਰੁਣ ਸੂਦ ਨੇ ਇਸ ਪਲਾਂਟ ਦਾ ਸਮਝੌਤਾ ਰੱਦ ਕਰਕੇ ਪਲਾਂਟ ਨੂੰ ਨਿਗਮ ਜਾਂ ਕਿਸੇ ਹੋਰ ਕੰਪਨੀ ਵਲੋਂ ਸੰਚਾਲਿਤ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਅੱਗੇ ਕਿਹਾ ਇਸ ਪਲਾਂਟ ਦੇ ਸੰਚਲਨ ਲਈ ਆਰਜ਼ੀ ਤੌਰ ’ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਮਿਆਦ ਇੱਕ ਸਾਲ ਤੱਕ ਹੀ ਰੱਖੀ ਜਾਵੇ। ਸ਼੍ਰੀ ਸੂਦ ਦੀ ਇਸ ਸਲਾਹ ਦਾ ਹੋਰਨਾਂ ਕੌਂਸਲਰਾਂ ਨੇ ਵੀ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਰੱਖ-ਰਖਾਅ ਸਬੰਧੀ ਖਰਚੇ ਦੀ ਮੰਗ ਵੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਕੀਤੀ ਜਾਵੇਗੀ।

Previous articleਸੀਏਏ ਨੂੰ ਲੈ ਕੇ ਬਰਤਾਨੀਆ ਵੀ ਫਿਕਰਮੰਦ
Next articleDigvijay slams Modi, Shah for ‘destabilising’ Cong govts