ਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸ਼ਹਿਰ ਵਿਚ ਦਸਤਕ ਦਿੱਤੀ। ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਹਨ। ਇਸੇ ਦੌਰਾਨ ਬੀਬੀ ਸਿੱਧੂ ਅਤੇ ਸ੍ਰੀ ਤਿਵਾੜੀ ਵੀ ਇਥੋਂ ਚੋਣ ਲੜਣ ਲਈ ਯਤਨਸ਼ੀਲ ਹਨ। ਬੀਬੀ ਸਿੱਧੂ ਨੇ ਅੱਜ ਹੀ ਸ਼ਹਿਰ ਵਿਚ ਪੰਜ ਥਾਵਾਂ ’ਤੇ ਪ੍ਰੋਗਰਾਮ ਕਰਕੇ ਖੁਦ ਨੂੰ ਕਾਂਗਰਸ ਦੀ ਉਮੀਦਵਾਰ ਵਜੋਂ ਪੇਸ਼ ਕੀਤਾ। ਵੇਰਵਿਆਂ ਅਨੁਸਾਰ ਉਨ੍ਹਾਂ ਨੇ ਸੈਕਟਰ-38 ਦੇ ਵਾਲਮੀਕੀ ਮੰਦਿਰ ਦੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਹ ਮਨੀਮਾਜਰਾ ਗਏ ਅਤੇ ਲੋਕਾਂ ਨਾਲ ਰੁਬਰੂ ਹੋਏ। ਇਸ ਮਗਰੋਂ ਉਹ ਪਿੰਡ ਦੜੀਆ ਪਹੁੰਚੀ ਅਤੇ ਸਮਰਥਕਾਂ ਨਾਲ ਸਾਂਝ ਪਾਈ। ਇਸ ਤੋਂ ਬਾਅਦ ਉਹ ਸੈਕਟਰ 24-ਸੀ ਪੁੱਜੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਸੈਕਟਰ-52 ਦੇ ਕ੍ਰਿਸ਼ਨਾ ਮੰਦਿਰ ਵਿਚ ਵੀ ਗਈ। ਇਸ ਮੌਕੇ ਉਨ੍ਹਾਂ ਸੰਸਦ ਮੈਂਬਰ ਕਿਰਨ ਖੇਰ ਦੀ ਕਾਰਗੁਜ਼ਾਰੀ ਉਪਰ ਸਵਾਲ ਉੁਠਾਏ।

ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਵੀ ਅੱਜ ਇਥੇ ਸਰਗਰਮ ਦਿਖੇ। ਉਨ੍ਹਾਂ ਨੇ ਸੈਕਟਰ 29-ਬੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹਿਰ ਦੀਆਂ ਸਮੱਸਿਅਵਾਂ ਬਾਰੇ ਚਰਚਾ ਕੀਤੀ। ਦੱਸਣਯੋਗ ਹੈ ਕਿ ਸ੍ਰੀ ਤਿਵਾੜੀ 2014 ਦੀ ਚੋਣ ਵੇਲੇ ਵੀ ਆਪਣੇ ਆਪ ਨੂੰ ਚੰਡੀਗੜ੍ਹ ਦਾ ਜੰਮਪਲ ਦੱਸ ਕੇ ਟਿਕਟ ਮੰਗ ਚੁੱਕੇ ਹਨ। ਉਨ੍ਹਾਂ ਵੱਲੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਵੀ ਚੋਣ ਲੜਣ ਦੀ ਆਸ ਹੈ।

Previous articleਸੁਸ਼ਮਾ ਸਵਰਾਜ ਵਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
Next articleਚੋਣਾਂ ’ਚ ਵੰਡੀ ਜਾਣ ਵਾਲੀ ਨਕਲੀ ਸ਼ਰਾਬ ਦਾ ਪਰਦਾਫ਼ਾਸ਼