ਸੁਸ਼ਮਾ ਸਵਰਾਜ ਵਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਆਪਣੇ ਮਾਲਦੀਵਿਆਈ ਹਮਰੁਤਬਾ ਅਬਦੁੱਲ੍ਹਾ ਸ਼ਾਹਿਦ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਸਾਲ ਸਦਰ ਇਬਰਾਹੀਮ ਸੋਲਿਹ ਦੇ ਭਾਰਤ ਦੌਰੇ ਵੇਲੇ ਤੈਅ ਪਾਏ ਮੁੱਦਿਆਂਂ ’ਤੇ ਅਮਲ ਸਮੇਤ ਮਹੱਤਵਪੂਰਨ ਦੁਵੱਲੇ ਮੁੱਦਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਬੀਬੀ ਸਵਰਾਜ ਐਤਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੀ ਸੀ । ਪਿਛਲੇ ਸਾਲ ਨਵੰਬਰ ਵਿਚ ਸੋਲੀਹ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਪੂਰਾ-ਸੂਰਾ ਦੁਵੱਲਾ ਦੌਰਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਵਿਚ ਆਖਿਆ ‘‘ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਮੰਤਰੀ ਅਬਦੁੱਲ੍ਹਾ ਸ਼ਾਹਿਦ ਵਿਚ ਨਿੱਘੀ ਗੱਲਬਾਤ ਹੋਈ। ਸਦਰ ਸੋਲਿਹ ਦੇ ਭਾਰਤ ਦੌਰੇ ਦੇ ਸਿੱਟਿਆਂ ਸਮੇਤ ਅਹਿਮ ਦੁਵੱਲੇ ਮੁੱਦਿਆਂ ਬਾਰੇ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।’’ ਸਦਰ ਸੋਲਿਹ ਪਿਛਲੇ ਸਾਲ ਦਸੰਬਰ ਮਹੀਨੇ ਭਾਰਤ ਪੁੱਜੇ ਸਨ ਅਤੇ ਇਸ ਦੌਰਾਨ ਭਾਰਤ ਨੇ ਇਸ ਟਾਪੂ ਮੁਲਕ ਲਈ 1.4 ਅਰਬ ਡਾਲਰ ਦੀ ਇਮਦਾਦ ਦੇਣ ਦਾ ਐਲਾਨ ਕੀਤਾ ਸੀ। ਬੀਬੀ ਸਵਰਾਜ ਨੇ ਮਾਲਦੀਵ ਦੇ ਨੌਂ ਹੋਰਨਾਂ ਮੰਤਰੀਆਂ ਨਾਲ ਵੀ ਵਿਚਾਰ ਚਰਚਾ ਕੀਤੀ। ਸੋਮਵਾਰ ਨੂੰ ਉਹ ਸਦਰ ਸੋਲਿਹ ਨੂੰ ਮਿਲਣਗੇ।

Previous articleਖਹਿਰਾ ਨੇ ਕੈਪਟਨ ਸਰਕਾਰ ਵਿਰੁੱਧ ਜਾਰੀ ਕੀਤੀ ਚਾਰਜਸ਼ੀਟ
Next articleਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ