ਸੁਪਰੀਮ ਕੋਰਟ ਨੇ ਵਿਸ਼ੇਸ਼ ਜਾਂਚ ਟੀਮ(ਸਿਟ) ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ਦੋ ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਸਿਟ ਨੇ ਜਸਟਿਸ ਐਸ.ਏ.ਬੋਬੜੇ ਤੇ ਐਸ. ਅਬਦੁਲ ਨਜ਼ੀਰ ਦੇ ਬੈਂਚ ਨੂੰ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਜਾਂਚ ਸਬੰਧੀ 50 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਕਾਇਆ ਕੰਮ ਪੂਰਾ ਕਰਨ ਲਈ ਅਜੇ ਦੋ ਮਹੀਨੇ ਹੋਰ ਲੱਗਣਗੇ। ਬੈਂਚ ਨੇ ਇਸ ਮਗਰੋਂ ਸਿਟ ਨੂੰ ਦੋ ਮਹੀਨੇ ਦਾ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਸ.ਗੁਰਲਾਦ ਸਿੰਘ ਕਾਹਲੋਂ ਦੀ ਪਟੀਸ਼ਨ ’ਤੇ ਸਬੰਧਤ ਧਿਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿੱਚ ਦੰਗਿਆਂ ਲਈ ਨਾਮਜ਼ਦ 62 ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਨੂੰ ਘੋਖਣ ਦੀ ਮੰਗ ਕੀਤੀ ਗਈ ਹੈ।
ਸਿਖਰਲੀ ਅਦਾਲਤ ਨੇ ਸਿਟ ਦੇ ਨਵੇਂ ਮੈਂਬਰਾਂ ਬਾਰੇ ਗ੍ਰਹਿ ਮੰਤਰਾਲਾ ਤੇ ਪਟੀਸ਼ਨਰ ਐੱਸ.ਜੀ.ਐਸ. ਕਾਹਲੋਂ ਦੇ ਵਕੀਲਾਂ ਵਿਚਾਲੇ ਸਹਿਮਤੀ ਹੋਣ ’ਤੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ’ਤੇ ਨਿਗਰਾਨੀ ਰੱਖਣ ਲਈ ਸਾਬਕਾ ਜਸਟਿਸ ਐਸ.ਐਨ.ਢੀਂਗਰਾ ਦੀ ਅਗਵਾਈ ਵਿੱਚ ਪਿਛਲੇ ਸਾਲ 11 ਜਨਵਰੀ ਨੂੰ ਸਿਟ ਗਠਿਤ ਕੀਤੀ ਸੀ। ਸਿਟ ਦੇ ਹੋਰਨਾਂ ਮੈਂਬਰਾਂ ਵਿਚ ਸਾਬਕਾ ਆਈਪੀਐਸ ਅਧਿਕਾਰੀ ਰਾਜਦੀਪ ਸਿੰਘ ਤੇ ਆਈਪੀਐਸ ਅਧਿਕਾਰੀ ਅਭਿਸ਼ੇਕ ਦੁਲਾਰ ਵੀ ਸ਼ਾਮਲ ਹਨ। ਹਾਲ ਦੀ ਘੜੀ ਸਿਟ ਵਿੱਚ ਦੋ ਮੈਂਬਰ ਹਨ ਕਿਉਂਕਿ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸਿਟ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ। 31 ਅਕਤੂਬਰ 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੋ ਸਿੱਖ ਅੰਗਰੱਖਿਅਕਾਂ ਵੱਲੋਂ ਹੱਤਿਆ ਕੀਤੇ ਜਾਣ ਮਗਰੋਂ ਦਿੱਲੀ ’ਚ ਭੜਕੇ ਦੰਗਿਆਂ ’ਚ 2733 ਸਿੱਖ ਮਾਰੇ ਗਏ ਸਨ।
Health ਸਿੱਖ ਦੰਗੇ: 186 ਕੇਸਾਂ ਦੀ ਜਾਂਚ ਨਿਬੇੜਨ ਲਈ ਦੋ ਮਹੀਨਿਆਂ ਦੀ ਮੋਹਲਤ