ਆਮਦਨ ਸਕੀਮ ਮੀਲ-ਪੱਥਰ ਸਾਬਤ ਹੋਵੇਗੀ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਅਤਿ ਗਰੀਬਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਦਾ ਵਿਚਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਲੱਖ ਦੇ ਵਾਅਦੇ ਤੋਂ ਆਇਆ ਸੀ। ਉਨ੍ਹਾਂ ਕਿਹਾ ਮੋਦੀ ਭਾਵੇਂ ਇਹ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੇ, ਪਰ ਕਾਂਗਰਸ ਇਸ ਸਕੀਮ ਸਬੰਧੀ ਆਪਣੇ ਕੌਲ ਨੂੰ ਜ਼ਰੂਰ ਨਿਭਾਏਗੀ। ਰਾਹੁਲ ਨੇ ਕਿਹਾ ਕਿ ਤਜਵੀਜ਼ਤ ਸਕੀਮ ਇਤਿਹਾਸਕ ਤੇ ਮੀਲਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਝੂਠ ਦੇ ਸਹਾਰੇ ਸੱਤਾ ਹਥਿਆਉਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਚੌਕੀਦਾਰ ਚੋਰ ਹੈ, ਜਿਸ ਨੇ ਕਰਜ਼ੇ ਦੇ ਸਤਾਏ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਕੁਝ ਚੋਣਵੇਂ ਸਨਤਅਕਾਰਾਂ ਦੀ ਮਦਦ ਕੀਤੀ। ਸ੍ਰੀ ਗਾਂਧੀ ਇਥੇ ਕੁਰੂਕਸ਼ੇਤਰ ਤੇ ਕਰਨਾਲ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਚੋਣ ਵਾਅਦੇ ਤਹਿਤ ਐਲਾਨੀ ‘ਘੱਟੋ ਘੱਟ ਆਮਦਨ ਯੋਜਨਾ’ (ਨਿਆਏ) ਗਰੀਬੀ ਦੇ ਖ਼ਾਤਮੇ ਲਈ ਇਤਿਹਾਸਕ ਮੀਲਪੱਥਰ ਸਾਬਤ ਹੋਵੇਗੀ। ਸਕੀਮ ਤਹਿਤ ਮੁਲਕ ਦੇ 20 ਫੀਸਦ ਅਤਿ ਗਰੀਬ ਪਰਿਵਾਰਾਂ ਨੂੰ ਸਾਲਾਨਾ 72000 ਰੁਪਏ ਪ੍ਰਤੀ ਪਰਿਵਾਰ ਵਿੱਤੀ ਮਦਦ ਸਿੱਧੇ ਉਨ੍ਹਾਂ ਦੇ ਖਾਤਿਆਂ ’ਚ ਦਿੱਤੀ ਜਾਵੇਗੀ। ਸ੍ਰੀ ਗਾਂਧੀ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਇਸ ਤਜਵੀਜ਼ਤ ਸਕੀਮ ਦਾ ਐਲਾਨ ਹੋਇਆ ਪ੍ਰਧਾਨ ਮੰਤਰੀ ‘ਘਾਬਰੇ’ ਹੋਏ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਦੋ ਵਿਚਾਰਧਾਰਾਵਾਂ ਦੀ ਲੜਾਈ ਹੋਵੇਗੀ। ਇਕ ਪਾਸੇ ਭਾਜਪਾ, ਆਰਐਸਐਸ ਤੇ ਨਰਿੰਦਰ ਮੋਦੀ ਹਨ ਜਦੋਂਕਿ ਦੂਜੇ ਪਾਸੇ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਭਾਜਪਾ ‘ਨਫ਼ਰਤ ਤੇ ਗੁੱਸੇ’ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ ਜਦੋਂਕਿ ਅਸਲ ਮੁੱਦਿਆਂ ਨੂੰ ਜਾਣ ਬੁਝ ਕੇ ਵਿਸਾਰਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਰਾਫ਼ਾਲ ਕਰਾਰ ਲਈ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਮੋਦੀ ਸਰਕਾਰ ਨੂੰ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ (ਜੀਐਸਟੀ) ਲਈ ਵੀ ਘੇਰਿਆ।

Previous articleਭਾਰਤ ਨੂੰ ਪਾਕਿ ਕਮੇਟੀ ’ਚ ਚਾਵਲਾ ਦੀ ਸ਼ਮੂਲੀਅਤ ’ਤੇ ਉਜਰ
Next articleਸਿੱਖ ਦੰਗੇ: 186 ਕੇਸਾਂ ਦੀ ਜਾਂਚ ਨਿਬੇੜਨ ਲਈ ਦੋ ਮਹੀਨਿਆਂ ਦੀ ਮੋਹਲਤ