ਸਿੱਖਿਆ ਨਾਲ ਹੀ ਸੁਰੱਖਿਅਤ ਹੈ ਔਰਤ

(ਸਮਾਜ ਵੀਕਲੀ)

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸ਼ਕਤੀ, ਸ਼ਰਧਾ ਅਤੇ ਸਨਮਾਨ ਦਾ ਪ੍ਰਤੀਕ ਹੁੰਦੇ ਹੋਏ ਵੀ ਅੱਜ ਦੀ ਔਰਤ ਵਿਵਹਾਰਿਕ ਰੂਪ ਵਿਚ ਇਕ – ਦੂਸਰੇ ‘ਤੇ ਨਿਰਭਰ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਜਦ ਕਿ ਪ੍ਰਚੀਨ ਕਾਲ ਦੌਰਾਨ ਔਰਤ ਨੂੰ ਪੂਰਸ਼ਾਂ ਵਾਂਗ ਹੀ ਅਧਿਕਾਰ ਅਤੇ ਸਿੱਖਿਆ ਦੇ ਮੌਕੇ ਪ੍ਰਦਾਨ ਸਨ, ਪਰ ਮੱਧ ਕਾਲ ਵਿਚ ਪ੍ਰਚੀਨ ਭਾਰਤੀ ਸੰਸਕ੍ਰਿਤੀ ਵਿਚ ਪੂਜਣਯੋਗ ਮੰਨੀ ਜਾਣ ਵਾਲੀ ਔਰਤ ਨੂੰ ਕੇਵਲ ਘਰੇਲੂ ਕੰਮਾਂ ਵਿਚ ਹੀ ਮਾਹਿਰ ਮੰਨਿਆ ਜਾਣ ਲੱਗਾ, ਜਿਸ ਨਾਲ ਨਾ ਕੇਵਲ ਆਪਣੇ ਸਿੱਖਿਆ ਸਤਰ ਵਿਚ, ਸਗੋਂ ਬਦਲਦੇ ਹੋਏ ਸਮਾਜਿਕ ਘੇਰੇ ਵਿਚ ਵੀ ਉਹ ਨਵੀਆਂ – ਨਵੀਆਂ ਜੰਜੀਰਾਂ ਵਿਚ ਫਸ ਕੇ ਲਗਾਤਾਰ ਜੁਲਮਾਂ ਦਾ ਹੀ ਸ਼ਿਕਾਰ ਬਣੀ ਹੈ।

ਇਸ ਲਈ ਔਰਤ ਵਿਚ ਸਿੱਖਿਆ ਦਾ ਵਿਕਾਸ ਹੀ ਇਕ ਅਜਿਹਾ ਮਹੱਤਵਪੂਰਨ ਪਹਿਲੂ ਹੈ, ਜੋ ਉਸ ਵਿਚ ਜਾਗਰੂਕਤਾ ਅਤੇ ਆਤਮ-ਵਿਸ਼ਵਾਸ਼ ਪੈਦਾ ਕਰਕੇ ਸਮਾਨਤਾ ਅਤੇ ਆਤਮ – ਨਿਰਭਰਤਾ ਦਾ ਆਧਾਰ ਪ੍ਰਦਾਨ ਕਰ ਸਕਦਾ ਹੈ। ਇਹ ਕੋਈ ਦਿਖਾਵਟ ਜਾਂ ਸਜਾਵਟ ਦੀ ਚੀਜ਼ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿਚ ਇਸ ਦੀ ਲੋੜ ਪੈਂਦੀ ਹੈ। ਇਹ ਔਰਤ ਦੀ ਦਿਮਾਗੀ ਅਚੇਤਨਤਾ ਅਤੇ ਮਾਨਸਿਕ ਪਛੜੇਪਣ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਇਸ ਸਬੰਧੀ ਠੀਕ ਹੀ ਕਿਹਾ ਸੀ ਕਿ ਪੜ੍ਹੀਆਂ – ਲਿਖੀਆਂ ਔਰਤਾਂ ਘੱਟ ਸਮੇਂ ਵਿਚ ਜ਼ਿਆਦਾ ਅਤੇ ਵਧੀਆ ਉਤਪਾਦਨ ਕਰ ਸਕਦੀਆਂ ਹਨ।

ਭਾਰਤੀ ਸਮਾਜ ਵਿਚ ਔਰਤਾਂ ਦੀ ਪ੍ਰਸਥਿਤੀ ‘ਤੇ ਵਿਚਾਰ ਕਰਨ ਲਈ ਰਾਸ਼ਟਰੀ ਸਭਾ ਨੇ ਆਪਣੀ ਇਕ ਰਿਪੋਰਟ ਵਿਚ ਔਰਤ ਸਿੱਖਿਆ ਦੀ ਲੋੜ ਦੱਸਦਿਆਂ ਹੋਇਆਂ ਆਖਿਆ ਹੈ ਕਿ ਕਿਸੇ ਵੀ ਮਨੁੱਖੀ ਸਮਾਜ ਵਿਚ ਔਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਕੋਈ ਵੀ ਕੌਮ ਇਸ ਨੂੰ ਨਜ਼ਰ – ਅੰਦਾਜ਼ ਨਹੀਂ ਕਰ ਸਕਦੀ। ਉਹ ਰਾਸ਼ਟਰ ਦੇ ਵਿਕਾਸ ਲਈ ਉਨਾ ਹੀ ਮਹੱਤਵ ਰੱਖਦੀ ਹੈ, ਜਿੰਨਾ ਮਹੱਤਵ ਉਹ ਦੇਸ਼ ਦੇ ਖਣਿਜ ਪਦਾਰਥਾਂ, ਉੱਥੋਂ ਦੀਆਂ ਨਦੀਆਂ, ਖੇਤੀਬਾੜੀ ਆਦਿ ਦਾ ਹੈ। ਔਰਤ ਦੀ ਸ਼ਕਤੀ ਦੀ ਸਹੀ ਵਰਤੋਂ ਕਰਨ ਅਤੇ ਉਸ ਦਾ ਸਹੀ ਨਿਯੰਤਰਣ ਕਰਨ ਲਈ ਉਸ ਨਾਲ ਜੇਕਰ ਆਦਰਪੂਰਵਕ ਵਰਤਾਓ ਕੀਤਾ ਜਾਵੇ ਤਾਂ ਉਹ ਇਕ ਅਜਿਹੀ ਮਹਾਨ ਅਤੇ ਪ੍ਰਬਲ ਸ਼ਕਤੀ ਦਾ ਰੂਪ ਧਾਰਨ ਕਰ ਸਕਦੀ ਹੈ, ਜਿਸ ਦਾ ਰਾਸ਼ਟਰ ਦੇ ਲਾਭ ਅਤੇ ਉਸ ਦੇ ਵਿਕਾਸ ਲਈ ਉਪਯੋਗ ਕੀਤਾ ਜਾ ਸਕਦਾ ਹੈ।

ਯੂਨੀਵਰਸਿਟੀ ਸਿੱਖਿਆ ਅਯੋਗ 1948 ਦੇ ਅਨੁਸਾਰ ਇਕ ਪੜੀ -ਲਿਖੀ ਔਰਤ ਤੋਂ ਬਿਨਾਂ ਆਦਮੀ ਸੰਪੂਰਨ ਹੋ ਹੀ ਨਹੀਂ ਸਕਦਾ। ਜੇਕਰ ਆਦਮੀ ਅਤੇ ਔਰਤ ਵਿੱਚੋਂ ਕੇਵਲ ਕਿਸੇ ਇਕ ਲਈ ਆਮ ਸਿੱਖਿਆ ਦਾ ਪ੍ਰਬੰਧ ਕਰਨਾ ਹੈ ਤਾਂ ਉਹ ਅਕਸਰ ਔਰਤ ਨੂੰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਦੋਂ ਇਹ ਸਿੱਖਿਆ ਆਪਣੇ – ਆਪ ਹੀ ਅਗਲੀ ਨਸਲ ਨੂੰ ਪ੍ਰਾਪਤ ਹੋ ਜਾਵੇਗੀ।1963 ਵਿਚ ਦਿੱਲੀ ਦੀ ਇਕ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਇਕ ਦਲ ਨੂੰ ਸੰਬੋਧਨ ਕਰਦਿਆਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਇਸੇ ਤੱਥ ਨੂੰ ਦੁਹਰਾਇਆ ਸੀ ਕਿ ਮੁੰਡੇ ਦੀ ਸਿੱਖਿਆ ਕੇਵਲ ਇਕ ਵਿਅਕਤੀ ਦੀ ਸਿੱਖਿਆ ਹੈ, ਪਰ ਇਕ ਕੁੜੀ ਦੀ ਸਿੱਖਿਆ ਪੂਰੇ ਪਰਿਵਾਰ ਦੀ ਸਿੱਖਿਆ ਹੈ।

ਇਕ ਪੜ੍ਹੀ -ਲਿਖੀ ਔਰਤ ਅਨਪੜ੍ਹ ਔਰਤ ਦੀ ਤੁਲਨਾ ਵਿਚ ਕਿਤੇ ਬਿਹਤਰ ਢੰਗ ਨਾਲ ਆਪਣੇ ਘਰੇਲੂ ਕੰਮਾਂ ਨੂੰ ਨਿਪਟਾਅ ਸਕਦੀ ਹੈ ਅਤੇ ਫਿਰ ਇਕ ਪੜ੍ਹੀ-ਲਿਖੀ ਮਾਂ ਆਪਣੇ ਬੱਚਿਆਂ ਵਿਚ ਵਧੀਆ ਸੰਸਕਾਰ ਵਿਕਸਤ ਕਰ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਸਿੱਖਿਆ ਦਾ ਅਰੰਭ ਘਰ ਵਿਚ ਹੀ ਉਸ ਦੀ ਮਾਂ ਰਾਹੀਂ ਹੁੰਦਾ ਹੈ। ਇਸ ਤਰ੍ਹਾਂ ਮਾਂ ਬੱਚਿਆਂ ਨੂੰ ਮੁੱਢਲੀ ਅਧਿਆਪਕਾ ਦੇ ਰੂਪ ਵਿਚ ਆਪਣੀ ਭਾਵੀ ਪੀੜੀ ਨੂੰ ਵਿਕਾਸ ਮੁਖੀ ਆਧਾਰ ਪ੍ਰਦਾਨ ਕਰਨ ਵਿਚ ਸਹਾਇਕ ਹੋ ਸਕਦੀ ਹੈ।

ਯੂਨੀਸੈਫ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਇਕ ਸਾਲ ਦੀ ਸਿੱਖਿਆ ਮਿਲਣ ਮਗਰੋਂ ਹੀ ਉਹ ਸਮਝਣ ਲੱਗਦੀਆਂ ਹਨ ਕਿ ਗਰਭ-ਅਵਸਥਾ ਅਤੇ ਨਵ ਜਨਮੇਂ ਬੱਚੇ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ। ਕਈ ਅਧਿਐਨਾਂ ਤੋਂ ਪਤਾ ਚੱਲਿਆ ਕਿ ਕੁੜੀਆਂ ਜਿੰਨਾ ਜ਼ਿਆਦਾ ਸਮੇਂ ਤੱਕ ਸਕੂਲੀ ਸਿੱਖਿਆ ਪ੍ਰਾਪਤ ਕਰਦੀਆਂ ਹਨ, ਬੱਚੇ ਪੈਦਾ ਕਰਨ ਦੀ ਦਰ ‘ਚ 5 ਤੋਂ 10 ਫੀਸਦੀ ਗਿਰਾਵਟ ਆਉਂਦੀ ਹੈ ਅਤੇ ਇਕ ਪੜ੍ਹੀ-ਲਿਖੀ ਔਰਤ ਦੇ ਬੱਚਿਆਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਭਾਰਤ ਵਿਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੇ ਬੱਚਿਆਂ ਦੀ ਮੌਤ ਦਰ ਅਨਪੜ੍ਹ ਔਰਤਾਂ ਦੇ ਬੱਚਿਆਂ ਦੀ ਮੌਤ ਦਰ ਤੋਂ ਅੱਧੀ ਹੈ।

ਔਰਤ ਦਾ ਪੜ੍ਹਿਆ-ਲਿਖਿਆ ਹੋਣਾ ਆਪਣੇ – ਆਪ ਵਿਚ ਇਸ ਲਈ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਜੀਵਨ ਦੇ ਲੰਬੇ ਸਮੇਂ ਵਿਚ ਕੋਈ ਅਣਹੋਣੀ ਘਟਨਾ ਵਿਧਵਾ ਜਾਂ ਤਲਾਕ ਆਦਿ ਹੋ ਜਾਣ ‘ਤੇ ਉਸ ਸਾਹਮਣੇ ਭਰਨ ਪੋਸ਼ਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜੇਕਰ ਅਜਿਹੀਆਂ ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਨੂੰ ਕਿਤੇ ਛੋਟਾ-ਮੋਟਾ ਕੰਮ ਮਿਲ ਵੀ ਜਾਂਦਾ ਹੈ ਤਾਂ ਉੱਥੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਹੈ। ਕਿੰਨੀ ਵਾਰੀ ਇਸ ਤਰ੍ਹਾਂ ਦੀਆਂ ਔਰਤਾਂ ਗਲਤ ਲੋਕਾਂ ਦੇ ਚੱਕਰ ਵਿਚ ਫਸ ਕੇ ਬੁਰੇ ਅਤੇ ਅਨੈਤਿਕ ਕੰਮਾਂ ਦੇ ਚੱਕਰਵਿਊ ਵਿਚ ਪੈ ਜਾਂਦੀਆਂ ਹਨ, ਪਰ ਪਰਬਲ ਭਾਵਨਾ ਹੋਣ ਨਾਲ ਉਨ੍ਹਾਂ ਦੇ ਸੋਚਣ /ਸਮਝਣ ਦਾ ਨਜ਼ਰੀਆ ਸਾਫ ਅਤੇ ਸੋਧਿਆ ਹੋਇਆ ਹੁੰਦਾ ਹੈ। ਜਿਸ ਨਾਲ ਉਹ ਅਜਿਹੇ ਔਖੇ ਸਮੇਂ ਵਿਚ ਵਪਾਰ ਅਤੇ ਉਦਯੋਗਿਕ ਧੰਦਿਆਂ ਰਾਹੀਂ ਆਪਣਾ ਗੁਜ਼ਾਰਾ ਕਰ ਸਕਦੀਆਂ ਹਨ।

ਇਹੀ ਨਹੀਂ ਪੜ੍ਹੀਆਂ – ਲਿਖੀਆਂ ਔਰਤਾਂ ਕੰਮਕਾਜ ‘ਚ ਬਹੁਤ ਸੁਘੜ ਤੇ ਸਮਰੱਥ ਹੁੰਦੀਆਂ ਹਨ ਅਤੇ ਬਿਹਤਰ ਤਨਖਾਹ ਲੈਂਦੀਆਂ ਹਨ। ਇਹ ਸੱਚ ਹੈ ਕਿ ਔਰਤਾਂ ਦੀ ਸਿੱਖਿਆ.’ਤੇ ਕੀਤੇ ਜਾਣ ਵਾਲੇ ਖਰਚੇ ਪੁਰਸ਼ਾਂ ਦੀ ਸਿੱਖਿਆ ‘ਤੇ ਕੀਤੇ ਜਾਣ ਵਾਲੇ ਖਰਚੇ ਦੇ ਮੁਕਾਬਲੇ ਵਧੇਰੇ ਫਲਦਾਈ ਹੁੰਦੇ ਹਨ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਿਹੜੀਆਂ ਔਰਤਾਂ ਜ਼ਿਆਦਾ ਸਾਲਾਂ ਤੱਕ ਪੜ੍ਹਾਈ ਕਰਦੀਆਂ ਹਨ ਉਹ ਆਪਣੀ ਹੋਣ ਵਾਲੀ ਆਮਦਨ ਵਿੱਚ 18 ਤੋਂ 20 ਫੀਸਦੀ ਦਾ ਵਾਧਾ ਕਰਦੀਆਂ ਹਨ, ਜਦ ਕਿ ਪੁਰਸ਼ ਕੇਵਲ 10 ਫੀਸਦੀ ਹੀ ਆਪਣੀ ਹੋਣ ਵਾਲੀ ਆਮਦਨ ਵਧਾ ਪਾਉਂਦੇ ਹਨ।

ਇਸ ਤਰ੍ਹਾਂ ਔਰਤਾਂ ਨੂੰ ਮੁੱਢਲੀ ਤੇ ਫਿਰ ਉਚਿਤ ਸਿੱਖਿਆ ਦੇਣਾ ਉਨ੍ਹਾਂ ਨੂੰ ਵਧੇਰੇ ਹੱਕ ਤੇ ਤਾਕਤ ਨਾਲ ਲੈਸ ਕਰਨ ਦਾ ਇਕ ਮਜ਼ਬੂਤ ਮਾਧਿਅਮ ਹੈ। ਸਿੱਖਿਆ ਪ੍ਰਾਪਤ ਕਰਕੇ ਉਹ ਪੁਰਸ਼ਾਂ ਦੇ ਮੁਥਾਜ ਹੋਣ ਦੀ ਬਜਾਏ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜਿਉਣ ਤੇ ਆਪਣੇ ਸਹੀ ਰਾਹ ਦੀ ਚੋਣ ਕਰਨ ਦੀ ਤਾਕਤ ਵੀ ਹਾਸਲ ਕਰਦੀਆਂ ਹਨ। ਔਰਤਾਂ ਦੇ ਖਿਲਾਫ ਹਰ ਤਰ੍ਹਾਂ ਦੇ ਵਿਤਕਰੇ ਦੇ ਖਾਤਮੇ ਸਬੰਧੀ ਪ੍ਰਸਤਾਵ ‘ਚ ਸਿੱਖਿਆ ਨੂੰ ਔਰਤਾਂ ਦੇ ਬੁਨਿਆਦੀ ਅਧਿਕਾਰਾਂ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ।

ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ – ਖੋਸਾ ਪਾਂਡੋ (ਮੋਗਾ) ।

Previous articleUS iPhone users’ spending on apps grew 38% in 2020: Report
Next articleਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ’ਤੇ ਹਮਲਾ