ਇਜ਼ਰਾਇਲੀ ਹਵਾਈ ਹਮਲੇ ’ਚ 10 ਫਲਸਤੀਨੀਆਂ ਦੀ ਮੌਤ

ਗਾਜ਼ਾ ਸਿਟੀ (ਸਮਾਜ ਵੀਕਲੀ): ਗਾਜ਼ਾ ਸਿਟੀ ’ਚ ਅੱਜ ਤੜਕੇ ਇਜ਼ਰਾਈਲ ਦੇ ਹਵਾਈ ਹਮਲੇ ’ਚ ਘੱਟ ਤੋਂ ਘੱਟ 10 ਫਲਸਤੀਨੀਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਹਨ। ਗਾਜ਼ਾ ਦੇ ਕੱਟੜਪੰਥੀ ਹਮਾਸ ਸ਼ਾਸਕਾਂ ਨਾਲ ਲੜਾਈ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼ਰਾਈਲ ਦੇ ਇੱਕ ਹਮਲੇ ’ਚ ਮਰਨ ਵਾਲੇ ਲੋਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਪਿਛਲੇ ਮਹੀਨੇ ਯੇਰੂਸ਼ਲੱਮ ’ਚ ਤਣਾਅ ਮਗਰੋਂ ਸ਼ੁਰੂ ਹੋਇਆ ਇਹ ਸੰਘਰਸ਼ ਵੱਡੇ ਪੱਧਰ ’ਤੇ ਫੈਲ ਗਿਆ ਹੈ। ਅਰਬ ਤੇ ਯਹੂਦੀਆਂ ਦੀ ਰਲੀ ਮਿਲੀ ਆਬਾਦੀ ਵਾਲੇ ਇਜ਼ਰਾਇਲੀ ਸ਼ਹਿਰਾਂ ’ਚ ਰੋਜ਼ਾਨਾ ਹਿੰਸਾ ਦੇਖੀ ਜਾ ਰਹੀ ਹੈ।

ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਲੜਾਈ ਦੌਰਾਨ ਪੱਛਮੀ ਕੰਢੇ ’ਚ ਵੀ ਫਲਸਤੀਨੀਆਂ ਨੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਕਈ ਸ਼ਹਿਰਾਂ ’ਚ ਇਜ਼ਰਾਇਲੀ ਸੈਨਾ ਨਾਲ ਝੜਪ ਹੋਈ। ਇਸ ਦੌਰਾਨ ਇਜ਼ਰਾਇਲੀ ਸੈਨਾ ਦੀ ਕਾਰਵਾਈ ’ਚ ਘੱਟ ਤੋਂ ਘੱਟ 11 ਜਣੇ ਮਾਰੇ ਗਏ। ਇਹ ਹਿੰਸਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਫਲਸਤੀਨੀ ਅੱਜ ‘ਨਕਬਾ ਦਿਵਸ’ ਮਨਾ ਰਹੇ ਹਨ ਜੋ 1948 ਦੀ ਜੰਗ ’ਚ ਇਜ਼ਰਾਈਲ ਵੱਲੋਂ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦੀ ਯਾਦ ’ਚ ਮਨਾਇਆ ਜਾਂਦਾ ਹੈ। ਇਸ ਨਾਲ ਸੰਘਰਸ਼ ਹੋਰ ਮਘਣ ਦਾ ਖਦਸ਼ਾ ਵੱਧ ਗਿਆ ਹੈ।

ਇਜ਼ਰਾਈਲ-ਫਲਸਤੀਨ ਮਾਮਲਿਆਂ ਲਈ ਅਮਰੀਕਾ ਦੇ ਉੱਪ ਸਹਾਇਕ ਵਿਦੇਸ਼ ਮੰਤਰੀ ਹਾਦੀ ਆਮਰ ਸੰਘਰਸ਼ ਘਟਾਉਣ ਦੀ ਕੋਸ਼ਿਸ਼ ਤਹਿਤ ਇਜ਼ਰਾਈਲ ਪਹੁੰਚ ਚੁੱਕੇ ਹਨ। ਇਸੇ ਵਿਚਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਭਲਕੇ ਮੀਟਿੰਗ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮਿਸਰ ਦੇ ਇੱਕ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਇਜ਼ਰਾਈਲ ਨੇ ਇੱਕ ਸਾਲ ਲਈ ਗੋਲੀਬੰਦੀ ਸਬੰਧੀ ਉਸ ਦੀ ਤਜਵੀਜ਼ ਠੁਕਰਾ ਦਿੱਤੀ ਹੈ ਜਿਸ ਨੂੰ ਹਮਾਸ ਨੇ ਸਵੀਕਾਰ ਕਰ ਲਿਆ ਹੈ। ਲੰਘੇ ਸੋਮਵਾਰ ਤੋਂ ਲੈ ਕੇ ਹੁਣ ਤੱਕ ਹਮਾਸ ਨੇ ਇਜ਼ਰਾਈਲ ’ਤੇ ਸੈਂਕੜੇ ਰਾਕੇਟ ਦਾਗੇ ਹਨ। ਗਾਜ਼ਾ ’ਚ ਘੱਟ ਤੋਂ ਘੱਟ 126 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ 31 ਬੱਚੇ ਤੇ 20 ਔਰਤਾਂ ਸ਼ਾਮਲ ਹਨ। ਇਜ਼ਰਾਈਲ ’ਚ ਸੱਤ ਮੌਤਾਂ ਹੋਈਆਂ ਹਨ ਜਿਨ੍ਹਾਂ ’ਚ ਛੇ ਸਾਲਾ ਬੱਚਾ ਤੇ ਇੱਕ ਸੈਨਿਕ ਸ਼ਾਮਲ ਹੈ।

ਗਾਜ਼ਾ ਦੇ ਰਾਕੇਟ ਦਾਗਣ ਤੇ ਫਲਸਤੀਨੀਆਂ ’ਤੇ ਇਜ਼ਰਾਈਲ ਦੀ ਬੰਬਾਰੀ ਅੱਜ ਤੜਕੇ ਵੀ ਜਾਰੀ ਰਹੀ। ਗਾਜ਼ਾ ਸਿਟੀ ’ਚ ਇੱਕ ਸ਼ਰਨਾਰਥੀ ਕੈਂਪ ਕੋਲ ਤਿੰਨ ਮੰਜ਼ਿਲਾ ਇਮਾਰਤ ’ਤੇ ਹਵਾਈ ਹਮਲੇ ’ਚ ਘੱਟ ਤੋਂ ਘੱਟ ਅੱਠ ਬੱਚੇ ਤੇ ਦੋ ਔਰਤਾਂ ਮਾਰੀਆਂ ਗਈਆਂ। ਮੁਹੰਮਦ ਅਬੂ ਹਤਾਬ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਤਾਂ ਉਸ ਦੀ ਪਤਨੀ ਤੇ ਪੰਜ ਬੱਚੇ ਰਿਸ਼ਤੇਦਾਰਾਂ ਨਾਲ ਜਸ਼ਨ ਮਨਾਉਣ ਗਏ ਸਨ। ਇਸ ਹਮਲੇ ’ਚ ਉਸ ਦੀ ਪਤਨੀ ਤੇ ਤਿੰਨ ਬੱਚੇ ਮਾਰੇ ਗਏ ਹਨ। ਇਸ ਤੋਂ ਕੁਝ ਦੇਰ ਬਾਅਦ ਹਮਾਸ ਨੇ ਦੱਸਿਆ ਕਿ ਉਸ ਨੇ ਹਵਾਈ ਹਮਲੇ ਦੇ ਜਵਾਬ ’ਚ ਦੱਖਣੀ ਇਜ਼ਰਾਈਲ ’ਚ ਕਈ ਰਾਕੇਟ ਦਾਗੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਵਿਚ ਦੋ ਧਿਰਾਂ ਵਿਚ ਗੋਲੀਬਾਰੀ, 9 ਮੌਤਾਂ
Next articleਵੈਨਕੂਵਰ: ਗੈਂਗਵਾਰ ਵਿੱਚ ਪੰਜਾਬੀ ਦੀ ਮੌਤ