ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਸਿੱਖਾਂ ਦੇ ਧਾਰਮਿਕ ਅਤੇ ਸੰਜੀਦਾ ਮੁੱਦਿਆਂ ’ਤੇ ਰਾਜਨੀਤੀ ਮੰਦਭਾਗੀ ਹੈ ਕਿਉਂਕਿ ਇਸ ਨਾਲ ਜਿੱਥੇ ਅਸਲ ਮੁੱਦੇ ਦੀ ਭਾਵਨਾ ਖ਼ਤਮ ਹੁੰਦੀ ਹੈ ਉਥੇ ਸਿੱਖਾਂ ਸੰਗਤ ਦੇ ਜਜ਼ਬਾਤਾਂ ਨੂੰ ਵੀ ਠੇਸ ਪਹੁੰਚਦੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਲਾਂਘੇ ਬਾਰੇ ਚੱਲ ਰਹੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ ਪਰ ਅਕਾਲੀ ਦਲ ਵੱਲੋਂ ਇਸ ਧਾਰਮਿਕ ਮੁੱਦੇ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਉਹ ਇਸ ਬਾਰੇ ਕੇਂਦਰ ਦੀ ਮੋਦੀ ਸਰਕਾਰ ਨਾਲ ਗੱਲਬਾਤ ਕਰਕੇ ਸਿੱਖਾਂ ਦੇ ਇਤਿਹਾਸਕ ਅਤੇ ਪਵਿੱਤਰ ਧਾਰਮਿਕ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਕੋਈ ਆਪਣਾ ਯੋਗਦਾਨ ਪਾਉਣ ਪਰ ੳਹ ਅਜਿਹਾ ਕਰਨ ਦੀ ਥਾਂ ਮਸਲੇ ਨੂੰ ਉਲਝਾਉਣ ਵਾਲੀ ਬਿਆਨਬਾਜ਼ੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਫਰੀਦਕੋਟ ਰੈਲੀ ਦੌਰਾਨ ਪੰਥ ਲਈ ਜਿਹੜੀ ਆਪਣੀ ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੀ ਗੱਲ ਆਖੀ ਹੈ ਉਹ ਸਿਰਫ਼ ਤੇ ਸਿਰਫ਼ ਇੱਕ ਸਿਆਸੀ ਜੁਮਲਾ ਹੈ ਜੋ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1984 ਦੇ ਦੌਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਸੀ ਤੇ ਉਦੋਂ ਵਾਪਸ ਸੱਦਿਆ ਜਦੋਂ ਪੰਜਾਬ ਵਿੱਚ ਸ਼ਾਂਤੀ ਹੋ ਗਈ।
ਸ. ਸਰਨਾ ਨੇ ਅਕਾਲੀ ਆਗੂਆਂ ਨੂੰ ਅਕਾਲੀ ਦਲ ਜਾਂ ਪੰਥ ਦੀ ਹੋਂਦ ਬਚਾਉਣੀ ਲਈ ਬਾਦਲ ਪਰਿਵਾਰ ਨੂੰ ਸਿੱਖ ਪੰਥ ਤੋਂ ਲਾਂਭੇ ਕਰਨ ਦੀ ਸਲਾਹ ਵੀ ਦਿੱਤੀ। ਇਸ ਸਮੇਂ ਡਾ. ਅਮਰਜੀਤ ਸਿੰਘ ਦੂਆ, ਹਰਦਿਆਲ ਸਿੰਘ ਅਮਨ, ਗੁਰਵਿੰਦਰ ਸਿੰਘ ਸਰਨਾ ਵੀ ਹਾਜ਼ਰ ਸਨ।
INDIA ਸਿੱਖਾਂ ਦੇ ਧਾਰਮਿਕ ਅਤੇ ਸੰਜੀਦਾ ਮੁੱਦਿਆਂ ’ਤੇ ਰਾਜਨੀਤੀ ਮੰਦਭਾਗੀ: ਸਰਨਾ