ਅਤਿਵਾਦ ਦੇ ਖ਼ਾਤਮੇ ਲਈ ਸਹਿਯੋਗ ਵਧਾਉਣਗੇ ਭਾਰਤ-ਜਰਮਨੀ

ਮੋਦੀ ਵਲੋਂ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨਾਲ ਚਰਚਾ; 17 ਸਮਝੌਤਿਆਂ ’ਤੇ ਦਸਤਖ਼ਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨਾਲ ਵਿਆਪਕ ਚਰਚਾ ਕਰਨ ਤੋਂ ਬਾਅਦ ਕਿਹਾ ਕਿ ਭਾਰਤ ਅਤੇ ਜਰਮਨੀ ਨੇ ਅਤਿਵਾਦ ਅਤੇ ਕੱਟੜਵਾਦ ਦੇ ਟਾਕਰੇ ਲਈ ਦੁਵੱਲਾ ਅਤੇ ਬਹੁਪੱਖੀ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਹੈ। ਦੋਵਾਂ ਆਗੂਆਂ ਨੇ ਰੱਖਿਆ, ਮਸਨੂਈ ਬੌਧਿਕਤਾ ਅਤੇ ਊਰਜਾ ਖੇਤਰਾਂ ਸਣੇ ਕੂਟਨੀਤਕ ਖੇਤਰਾਂ ਵਿੱਚ ਸਬੰਧ ਵਧਾਉਣ ’ਤੇ ਜ਼ੋਰ ਦਿੱਤਾ।
ਮੋਦੀ ਅਤੇ ਮਰਕਲ ਵਲੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਪੰਜਵੀਂ ਚਰਚਾ (ਆਈਜੀਸੀ) ਦੀ ਸਹਿ-ਪ੍ਰਧਾਨਗੀ ਕੀਤੀ ਗਈ। ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਸਾਰੇ ਮੁਲਕਾਂ ਨੂੰ ਆਪਣੇ ਖੇਤਰ ਦੀ ਵਰਤੋਂ ਦਹਿਸ਼ਤੀ ਗਤੀਵਿਧੀਆਂ ਲਈ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਖਿਆ। ਕਸ਼ਮੀਰ ਦੇ ਹਾਲਾਤ ਬਾਰੇ ਦੋਵਾਂ ਆਗੂਆਂ ਵਲੋਂ ਚਰਚਾ ਕੀਤੇ ਜਾਣ ਸਬੰਧੀ ਸੂਤਰਾਂ ਨੇ ਦੱਸਿਆ ਕਿ ਆਈਜੀਸੀ ਦੌਰਾਨ ਇਸ ਬਾਰੇ ਕੋਈ ਚਰਚਾ ਨਹੀਂ ਹੋਈ। ਦੱਸਣਯੋਗ ਹੈ ਕਿ ਮੋਦੀ ਅਤੇ ਮਰਕਲ ਵਿਚਾਲੇ ਮੁਲਾਕਾਤ ਉਸ ਵੇਲੇ ਹੋਈ ਹੈ ਜਦੋਂ ਕੁਝ ਵਿਦੇਸ਼ੀ ਕਾਨੂੰਨਸਾਜ਼ਾਂ, ਜਿਨ੍ਹਾਂ ਵਿੱਚ ਅਮਰੀਕੀ ਵੀ ਸ਼ਾਮਲ ਹਨ, ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਲਾਈਆਂ ਪਾਬੰਦੀਆਂ ’ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਮਰਕਲ ਨਾਲ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਮੋਦੀ ਨੇ ਕਿਹਾ, ‘‘ਅਸੀਂ ਅਤਿਵਾਦ ਅਤੇ ਕੱਟੜਵਾਦ ਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਦੁਵੱਲਾ ਅਤੇ ਬਹੁਪੱਖੀ ਸਹਿਯੋਗ ਮਜ਼ਬੂਤ ਕਰਾਂਗੇ।’’ ਮੋਦੀ ਅਤੇ ਮਰਕਲ ਵਿਚਾਲੇ ਚਰਚਾ ਮਗਰੋਂ ਜਾਰੀ ਸਾਂਝੇ ਬਿਆਨ ਵਿੱਚ ਅਤਿਵਾਦ ਦੇ ਖ਼ਾਤਮੇ ਲਈ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸ ‘ਆਲਮੀ ਸੰਕਟ’ ਦੇ ਟਾਕਰੇ ਲਈ ਅੰਤਰਰਾਸ਼ਟਰੀ ਭਾਈਵਾਲੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਬਿਆਨ ਰਾਹੀਂ ਸਾਰੇ ਮੁਲਕਾਂ ਨੂੰ ਅਤਿਵਾਦੀਆਂ ਲਈ ਸੁਰੱਖਿਅਤ ਪਨਾਹਾਂ ਅਤੇ ਢਾਂਚਿਆਂ ਨੂੰ ਨਸ਼ਟ ਕਰਨ, ਉਨ੍ਹਾਂ ਦੇ ਨੈੱਟਵਰਕ ਤੋੜਨ, ਵਿੱਤੀ ਚੈਨਲ ਖ਼ਤਮ ਕਰਨ ਅਤੇ ਸਰਹੱਦ-ਪਾਰ ਆਵਾਜਾਈ ਰੋਕਣ ਲਈ ਕੰਮ ਕਰਨ ਦਾ ਸੱਦਾ ਦਿੱਤਾ ਗਿਆ।

ਮੋਦੀ ਵਲੋਂ ਭਾਰਤ ਅਤੇ ਜਰਮਨੀ ਵਿਚਾਲੇ ਹਰ ਖੇਤਰ, ਖਾਸ ਕਰਕੇ ਨਵੀਂ ਅਤੇ ਆਧੁਨਿਕ ਤਕਨਾਲੋਜੀ, ਵਿੱਚ ‘‘ਦੂਰ-ਅੰਦੇਸ਼ੀ ਅਤੇ ਕੂਟਨੀਤਕ ਸਹਿਯੋਗ’’ ਮਜ਼ਬੂਤ ਕਰਨ ਲਈ ਆਖਿਆ। ਮਰਕਲ ਨੇ ਵਪਾਰਕ ਸਬੰਧਾਂ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਸਾਡੇ ਆਰਥਿਕ ਸਬੰਧ ਵਧੇ ਹਨ ਪਰ ਇਨ੍ਹਾਂ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।’’ ਮੋਦੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ, ਮਨਸੂਈ ਬੌਧਿਕਤਾ, ਸਿੱਖਿਆ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਊਲ ਸੈੱਲ ਤਕਨਾਲੋਜੀ, ਸਮਾਰਟ ਸਿਟੀਜ਼, ਤੱਟ ਪ੍ਰਬੰਧਨ, ਦਰਿਆਵਾਂ ਦੀ ਸਫ਼ਾਈ, ਵਾਤਾਵਰਨ ਰੱਖਿਆ ਆਦਿ ਖੇਤਰਾਂ ਵਿੱਚ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਸਾਡਾ ਸਹਿਯੋਗ ਜਲਵਾਯੂ ਤਬਦੀਲੀ ਵਿਰੁਧ ਸਾਂਝੇ ਯਤਨਾਂ ਵਿੱਚ ਮੱਦਦ ਕਰੇਗਾ। ਦੋਵਾਂ ਮੁਲਕਾਂ ਵਲੋਂ 17 ਐੱਮਓਯੂ ਅਤੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ।

Previous articleਝਾਰਖੰਡ: ਪੰਜ ਗੇੜਾਂ ਵਿੱਚ ਹੋਣਗੀਆਂ ਵਿਧਾਨ ਸਭਾ ਚੋਣਾਂ
Next articleਚਿਦੰਬਰਮ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਲੋੜ ਨਹੀਂ: ਏਮਜ਼