ਮਾਨਸਾ, 5 ਅਗਸਤ ( ਔਲਖ ) (ਸਮਾਜ ਵੀਕਲੀ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਸਿਹਤ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਯਤਨਸ਼ੀਲ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਸਰਜਨ ਦਫ਼ਤਰਾਂ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਪੰਜ ਪੰਜ ਸਿਹਤ ਮੁਲਾਜ਼ਮ ਹਰਰੋਜ਼ ਭੁੱਖ ਹੜਤਾਲ ਤੇ ਬੈਠਦੇ ਹਨ। 24 ਅਗਸਤ ਤੋਂ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਅੱਜ 11 ਵੇ` ਦਿਨ ਵਿੱਚ ਦਾਖਲ ਹੋ ਚੁੱਕੀ ਹੈ ।
ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਅੱਜ ਸ਼ਿੰਦਰਪਾਲ ਹੋਰ, ਰੀਤੂ ਬਾਲਾ, ਕਮਲਪ੍ਰੀਤ ਕੌਰ, ਮੁਕੇਸ਼ ਰਾਣੀ, ਗੁਰਬਿੰਦਰ ਸਿੰਘ ਅਤੇ ਅਮਰੀਕ ਸਿੰਘ ਨੇ ਇਸ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹੇ ਦੇ ਸਮੂਹ ਆਗੂਆਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ 7 ਅਗਸਤ ਦੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਕੇਵਲ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਇਸ ਲਈ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਘੇਰਨ ਦੀ ਤਿਆਰੀ ਕਰ ਲਈ ਹੈ। ਵੱਧ ਤੋਂ ਵੱਧ ਮੁਲਾਜ਼ਮ ਸਾਥੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣਗੇ ਅਤੇ ਸਰਕਾਰ ਦੀਆਂ ਨੀਤਾਂ ਅਤੇ ਨੀਤੀਆਂ ਦਾ ਪਰਦਾਫਾਸ਼ ਕਰਨਗੇ।
ਮੁਲਾਜ਼ਮ ਆਗੂ ਸ਼ਿੰਦਰਪਾਲ ਕੌਰ ਨੇ ਕਿਹਾ ਹੈ ਸਰਕਾਰਾਂ ਨੇ ਹੁਣ ਤੱਕ ਸਿਹਤ ਮੁਲਾਜ਼ਮਾਂ ਨੂੰ ਪਾੜੋ ਤੇ ਰਾਜ ਕਰੋ ਨੀਤੀ ਤਹਿਤ ਵੱਖ-ਵੱਖ ਕੈਟਾਗਰੀਆਂ ਵਿੱਚ ਵਿੱਚ ਭਰਤੀ ਕਰਕੇ ਆਪਸ ਵਿੱਚ ਹੀ ਉਲਝਾਈ ਰੱਖਿਆ ਹੈ। ਪਰ ਹੁਣ ਸਿਹਤ ਮੁਲਾਜ਼ਮ ਚਾਹੇ ਉਹ ਐਨ ਐਚ ਐਮ, 2211, ਰੈਗੂਲਰ, ਆਊਟਸੋਰਸ ਅਤੇ ਵੱਖ-ਵੱਖ ਸਕੀਮਾਂ ਅਧੀਨ ਕਿਸੇ ਵੀ ਕੈਟਾਗਰੀ ਦੇ ਹੋਣ ਸਭ ਇਕਜੁੱਟ ਹੋ ਚੁੱਕੇ ਹਨ ਅਤੇ ਇਕੱਠੇ ਹੋ ਕੇ ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ। ਇਸ ਸਮੇਂ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਗਣਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਵੱਡੇ ਸੰਘਰਸ਼ ਦੀ ਲੋੜ ਹੈ।
ਉਨ੍ਹਾਂ ਮੁਲਾਜ਼ਮਾਂ ਦੀ ਏਕਤਾ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸੰਦੀਪ ਸਿੰਘ ਜ਼ਿਲ੍ਹਾ ਪ੍ਰਧਾਨ, ਪ੍ਰਤਾਪ ਸਿੰਘ , ਲਕਸ਼ਵੀਰ ਸਿੰਘ, ਪ੍ਰੇਮ ਸਿੰਘ, ਮਨਦੀਪ ਸਿੰਘ ਆਦਿ ਸਮੂਹ ਕਲੈਰੀਕਲ ਕਾਮਿਆਂ ਨੇ ਵੀ ਇਸ ਹੜਤਾਲ ਨੂੰ ਹਮਾਇਤ ਦਿੱਤੀ। ਇਸ ਮੌਕੇ ਜਗਦੀਸ਼ ਸਿੰਘ ਪੱਖੋ, ਚਾਨਣ ਦੀਪ ਸਿੰਘ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਰਾਜਵਿੰਦਰ ਸਿੰਘ,ਸ਼ਿੰਦਰ ਕੌਰ, ਚਰਨਜੀਤ ਕੌਰ, ਕਿਰਨਜੀਤ ਕੌਰ, ਬਲਜੀਤ ਕੌਰ, ਹਰਜੀਤ ਕੌਰ ਆਦਿ ਹਾਜ਼ਰ ਸਨ।