ਮਾਨਸਾ (ਔਲਖ) (ਸਮਾਜਵੀਕਲੀ) : ਅੱਜ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਪੁਰਜੋਰ ਵਿਰੋਧ ਕਰਨ ਲਈ ਜ਼ਿਲਾ ਮਾਨਸਾ ਵਿੱਚ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ ਪੰਜ ਸਿਹਤ ਕਰਮਚਾਰੀ ਗੁਰਚਰਨ ਕੌਰ, ਸੁਮਨਪ੍ਰੀਤ ਕੌਰ, ਹਰਜੀਤ ਕੌਰ, ਚਾਨਣ ਦੀਪ ਸਿੰਘ ਅਤੇ ਮਨੋਜ ਕੁਮਾਰ ਭੁੱਖ ਹੜਤਾਲ ‘ਤੇ ਬੈਠੇ।
ਇਸ ਮੌਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਜੀ ਨੂੰ ਮੰਗ ਪੱਤਰ ਦਿੱਤਾ ਅਤੇ ਸਰਕਾਰ ਦੇ ਮਾਰੂ ਫੈਸਲਿਆਂ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਵੀਂ ਭਰਤੀ ਕਰਨ ਤੋਂ ਪਹਿਲਾਂ ਪਿਛਲੇ 15 ਸਾਲ ਤੋਂ ਐਨ. ਐਚ. ਐਮ. ਅਤੇ 2211 ਹੈਡ ਅਧੀਨ ਠੇਕੇ ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕਰੇ ਅਤੇ ਸਿਹਤ ਵਿਭਾਗ ਵਿੱਚ ਨਵੇਂ ਭਰਤੀ ਹੋਏ ਮਲਟੀ ਪਰਪਜ਼ ਹੈਲਥ ਵਰਕਰ ਮੇਲ ਦਾ ਪਰਖ ਕਾਲ 3ਸਾਲ ਤੋਂ ਘਟਾ ਕੇ 2ਸਾਲ ਕੀਤਾ ਜਾਵੇ।
ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਨੂੰ ਸਪੈਸ਼ਲ ਇੰਨਕਰੀਮੈਂਟ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਕੰਮ ਕਰ ਰਹੇ ਹਨ। ਦੂਜੇ ਪਾਸੇ ਸਰਕਾਰ ਮਹਾਂਮਾਰੀ ਦੀ ਆੜ ਵਿੱਚ ਮੁਲਾਜ਼ਮ ਵਿਰੋਧੀ ਫੈਸਲੇ ਕਰ ਰਹੀ ਹੈ। ਜਿਵੇਂ ਕਿ ਨਵੇਂ ਜਾਣ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਦੇ ਤਨਖਾਹ ਸਕੇਲ ਲਾਗੂ ਕਰ ਰਹੀ ਹੈ। ਇਨ੍ਹਾਂ ਦੇ ਇਲਾਵਾ ਸਰਕਾਰ ਵੱਲੋਂ ਕੋਵਿਡ ਦੀ ਆੜ ਲੈ ਕੇ ਲੋਕਾਂ ਦੀ ਜੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਮੇਂ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸੰਘਰਸ਼ ਕਮੇਟੀ ਵੱਲੋਂ ਹਲਕਾ ਵਿਧਾਇਕਾਂ ਅਤੇ ਸਿਵਲ ਸਰਜਨਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਮਜ਼ਬੂਰਨ ਸਾਨੂੰ ਕੋਵਿਡ -19 ਦੌਰਾਨ ਧਰਨਿਆਂ ਅਤੇ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ। ਇਸ ਦੀ ਜਿੰਮੇਵਾਰ ਸਰਕਾਰ ਹੈ। ਚਰਨਜੀਤ ਕੌਰ ਏ ਐਨ ਐਮ ਨੇ ਦੱਸਿਆ ਕਿ ਸਾਡੀਆਂ ਫੀਮੇਲ ਵਰਕਰਾਂ ਨੂੰ ਪਿਛਲੇ 12-15 ਸਾਲ ਤੋਂ ਸਰਕਾਰ ਨੇ ਲਾਰਿਆਂ ਤੇ ਰੱਖਿਆ ਹੋਇਆ ਹੈ।
ਪਰ ਹੁਣ ਇਹ ਲੜਾਈ ਆਰ ਪਾਰ ਦੀ ਹੋਵੇਗੀ। ਮਲਕੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਦੱਸਿਆ ਕਿ ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਕੋਵਿਡ ਮਹਾਂਮਾਰੀ ਵਿੱਚ ਨਿਗੂਣੀਆਂ ਤਨਖਾਹ ਤੇ ਦਿਨ ਰਾਤ ਕੰਮ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਦੀ ਹੋਰ ਕਿਹੜੀ ਪਰਖ ਲੈਣੀ ਹੈ। ਸਰਕਾਰ ਨੂੰ ਕੋਵਿਡ-19 ਮਹਾਂਮਾਰੀ ਵਿੱਚ ਕੀਤੇ ਕੰਮਾਂ ਨੂੰ ਦੇਖਦੇ ਹੋਏ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸੰਜੀਵ ਕੁਮਾਰ, ਹੇਮ ਰਾਜ, ਪੰਮੀ ਕੌਰ, ਸੁਮਨਪ੍ਰੀਤ ਕੌਰ, ਕਿਰਨਜੀਤ ਕੌਰ, ਹਰਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਹ ਭੁੱਖ ਹੜਤਾਲ 6 ਅਗਸਤ 2020 ਤੱਕ ਜਾਰੀ ਰਹੇਗੀ ਅਤੇ 7 ਅਗਸਤ 2020 ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਰਵੀ, ਮਨੋਜ ਕੁਮਾਰ, ਵਰਿੰਦਰ ਮਹਿਤਾ, ਜਗਦੇਵ ਸਿੰਘ ਆਦਿ ਹਾਜ਼ਰ ਸਨ।