ਸਿਟੀ ਬਿਊਟੀਫੁੱਲ ਵਿੱਚ ਰੋਜ਼ਾਨਾ ਖੁੱਲ੍ਹਣਗੀਆਂ ਸਟੇਸ਼ਨਰੀ ਦੀਆਂ ਦੁਕਾਨਾਂ

ਚੰਡੀਗੜ੍ਹ (ਸਮਾਜਵੀਕਲੀ) – ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 41 ਦਿਨ ਕਰਫਿਊ ਲਗਾਇਆ ਸੀ। ਇਸ ਦੌਰਾਨ ਵਪਾਰ ਬੰਦ ਰਹਿਣ ਕਾਰਨ ਪ੍ਰਸ਼ਾਸਨ ਨੂੰ ਜੀਐੱਸਟੀ ਨਹੀਂ ਮਿਲਿਆ ਤੇ ਵੱਡਾ ਵਿੱਤੀ ਘਾਟਾ ਪਿਆ ਹੈ ਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਕੁਝ ਵਸਤਾਂ ’ਤੇ ਵਾਧੂ ਸੈੱਸ ਲਗਾਉਣ ਸਬੰਧੀ ਵਿਚਾਰ ਕਰ ਰਿਹਾ ਹੈ।

ਇਸ ਗੱਲ ਦਾ ਪ੍ਰਗਟਾਵਾ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਸਮੀਖਿਆ ਬੈਠਕ ਦੌਰਾਨ ਵਿੱਤ ਸਕੱਤਰ ਏ.ਕੇ. ਸਿਨਹਾ ਵੱਲੋਂ ਕੀਤਾ ਗਿਆ। ਸੂਤਰਾਂ ਅਨੁਸਾਰ ਇਹ ਸੈੱਸ ਸ਼ਰਾਬ ਸਮੇਤ ਲਗਜ਼ਰੀ ਵਸਤਾਂ ’ਤੇ ਲਗਾਇਆ ਜਾ ਸਕਦਾ ਹੈ।

ਇਸੇ ਦੌਰਾਨ ਕਿਤਾਬਾਂ ਦੀਆਂ ਦੁਕਾਨਾਂ ’ਤੇ ਭੀੜ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ ਨੂੰ ਔਡ/ਈਵਨ ਫਾਰਮੂਲੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪ੍ਰਸ਼ਾਸਕ ਅਨੁਸਾਰ ਸਟੇਸ਼ਨਰੀ ਦੀਆਂ ਦੁਕਾਨਾਂ ਰੋਜ਼ ਖੋਲ੍ਹੀਆਂ ਜਾ ਸਕਦੀਆਂ ਹਨ।

ਇਸ ਦੇ ਨਾਲ ਹੀ ਪ੍ਰਸ਼ਾਸਕ ਵੱਲੋਂ ਬਾਜ਼ਾਰਾਂ ਵਿੱਚ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਕ ਨੇ ਕਿਹਾ ਕਿ ਜਾਇਦਾਦ ਕਰ ਅਤੇ ਪਾਣੀ ਦੇ ਬਿੱਲ ਦਾ ਸਮੇਂ ’ਤੇ ਭੁਗਤਾਨ ਕਰਨ ’ਤੇ ਛੋਟ ਦਿੱਤੀ ਜਾਵੇਗੀ।

ਇਸੇ ਦੌਰਾਨ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਕ ਨੇ ਪ੍ਰਮੁੱਖ ਸਕੱਤਰ (ਸਿਹਤ) ਅਰੁਣ ਕੁਮਾਰ ਗੁਪਤਾ ਨੂੰ ਕਰੋਨਾ ਪ੍ਰਭਾਵਿਤ ਖੇਤਰਾਂ ਵਧ ਤੋਂ ਵਧ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 2 ਲੱਖ 42 ਹਜ਼ਾਰ ਲੋਕਾਂ ਵੱਲੋਂ ਅਰੋਗਿਆ ਸੇਤੂ ਐਪ ਡਾਊਨਲੋਡ ਕਰ ਲਿਆ ਗਿਆ ਹੈ ਜਦਕਿ ਸ਼ਹਿਰ ਦੇ ਵਪਾਰੀ ਵਰਗ ਅਤੇ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਐਪ ਡਾਊਨਲੋਡ ਕਰਨ ਸਬੰਧੀ ਆਦੇਸ਼ ਦਿੱਤੇ ਗਏ ਹਨ।

Previous articleਦਿੱਲੀ ’ਚ ਬੈਠੇ ਲੋਕ ਜ਼ਮੀਨੀ ਹਕੀਕਤ ਤੋਂ ਨਾਵਕਫ਼: ਕੈਪਟਨ
Next articleਵਾਦੀ ਵਿੱਚ ਹਿਜ਼ਬੁਲ ਕਮਾਂਡਰ ਨਾਇਕੂ ਹਲਾਕ