ਸਾਵੰਤ ਸਰਕਾਰ ਦੀ ਅਸੈਂਬਲੀ ’ਚ ਪਰਖ ਅੱਜ

ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਨਵੀਂ ਸਰਕਾਰ ਭਲਕੇ ਬੁੱਧਵਾਰ ਨੂੰ ਗੋਆ ਅਸੈਂਬਲੀ ਵਿੱਚ ਬਹੁਮਤ ਸਾਬਤ ਕਰੇਗੀ। ਰਾਜਪਾਲ ਮ੍ਰਿਦੁਲਾ ਸਿਨਹਾ ਨੇ ਭਲਕੇ ਸਵੇਰੇ ਸਾਢੇ ਗਿਆਰਾਂ ਵਜੇ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੀ ਰਾਤ ਰਾਜਪਾਲ ਨੂੰ ਜਿਹੜੀ ਸੂਚੀ ਸੌਂਪੀ ਸੀ, ਉਸ ਵਿੱਚ 21 ਵਿਧਾਇਕਾਂ (ਭਾਜਪਾ 12, ਜੀਐਫਪੀ ਤੇ ਐਮਜੀਪੀ ਤਿੰਨ-ਤਿੰਨ , ਤਿੰਨ ਆਜ਼ਾਦ ਵਿਧਾਇਕ) ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਗਿਆ ਸੀ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਜਪਾ ਵਿਧਾਇਕ ਫਰਾਂਸਿਸ ਡਿਸੂਜ਼ਾ ਦੀ ਮੌਤ ਅਤੇ ਦੋ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਤੇ ਦਯਾਨੰਦ ਸੋਪਤੇ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਅਸੈਂਬਲੀ ਦੀ ਕੁੱਲ ਸਮਰੱਥਾ ਘਟ ਕੇ 36 ਰਹਿ ਗਹੀ ਹੈ। 14 ਵਿਧਾਇਕਾਂ ਨਾਲ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਜਦੋਂਕਿ ਇਕ ਵਿਧਾਇਕ ਐਨਸੀਪੀ ਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿਨ ਭਰ ਦੇ ਨਾਟਕੀ ਘਟਨਾਕ੍ਰਮ ਮਗਰੋਂ ਗੋਆ ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਨੇ ਅੱਜ (ਮੰਗਲਵਾਰ) ਵੱਡੇ ਤੜਕੇ ਪਹਿਲਾਂ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤੇ ਮਗਰੋਂ ਸਵੇਰੇ ਦੋ ਵਜੇ ਦੇ ਕਰੀਬ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਦੇ ਨਾਲ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ ਸੁਦੀਨ ਧਵਲੀਕਰ ਤੇ ਗੋਆ ਫਾਰਵਰਡ ਪਾਰਟੀ (ਜੀਐਫਪੀ) ਦੇ ਵਿਜੈ ਸਰਦੇਸਾਈ ਨੇ ਉਪ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕੀ। ਰਾਜਪਾਲ ਮ੍ਰਿਦੁਲਾ ਸਿਨਹਾ ਨੇ 11 ਹੋਰਨਾਂ ਮੰਤਰੀਆਂ ਨੂੰ ਵੀ ਹਲਫ਼ ਦਿਵਾਇਆ।

Previous articleਸਟਿੰਗ ਅਪਰੇਸ਼ਨ ’ਚ ‘ਫਸੇ’ ਚੌਧਰੀ ਸੰਤੋਖ ਸਿੰਘ
Next articleਵਾਦੀ ਵਿਚ ਸਕੂਲ ਅਧਿਆਪਕ ਦੀ ਪੁਲੀਸ ਹਿਰਾਸਤ ’ਚ ਮੌਤ