ਸਟਿੰਗ ਅਪਰੇਸ਼ਨ ’ਚ ‘ਫਸੇ’ ਚੌਧਰੀ ਸੰਤੋਖ ਸਿੰਘ

ਇਕ ਟੀਵੀ ਚੈਨਲ ਵੱਲੋਂ ਕੀਤੇ ਗਏ ਕਥਿਤ ਸਟਿੰਗ ਅਪਰੇਸ਼ਨ ’ਚ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਚੋਣ ਫੰਡ ਦੇਣ ਅਤੇ ਜਿੱਤਣ ਉਪਰੰਤ ਕੰਮ ਕਰਵਾਉਣ ਦੀ ਗੱਲਬਾਤ ਕਰਦਿਆਂ ਦਿਖਾਇਆ ਗਿਆ ਹੈ। ਇਹ ਸਟਿੰਗ ਦਿਖਾਏ ਜਾਣ ਤੋਂ ਬਾਅਦ ਕਾਂਗਰਸ ਹਲਕਿਆਂ ਵਿਚ ਹਲਚਲ ਮੱਚ ਗਈ ਹੈ। ਚੌਧਰੀ ਸੰਤੋਖ ਸਿੰਘ ਜਿੱਥੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਗਏ ਹਨ, ਉਥੇ ਕਾਂਗਰਸ ਦਾ ਇਕ ਧੜਾ ਵੀ ਉਨ੍ਹਾਂ ’ਤੇ ਲੱਗੇ ‘ਦਾਗ਼’ ਕਾਰਨ ਕੱਛਾਂ ਵਜਾ ਰਿਹਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੌਧਰੀ ਸੰਤੋਖ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਸਟਿੰਗ ਅਪਰੇਸ਼ਨ ਚੌਧਰੀ ਸੰਤੋਖ ਸਿੰਘ ਦੀ ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਦਾ ਹੈ। ਇਸ ਸਟਿੰਗ ਅਪਰੇਸ਼ਨ ਵਿੱਚ ਚੌਧਰੀ ਸੰਤੋਖ ਸਿੰਘ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਦੀ ਚੋਣ ਵਿਚ ਪੈਸੇ ਲਾਓ, ਜਦੋਂ ਉਹ ਸੱਤਾ ਵਿਚ ਆ ਗਏ ਤਾਂ ਉਨ੍ਹਾਂ (ਸਵਾਲ ਪੁੱਛਣ ਵਾਲੇ) ਦੇ ਨਿਵੇਸ਼ ਦਾ ਖਿਆਲ ਰੱਖਿਆ ਜਾਵੇਗਾ। ਚੌਧਰੀ ਸੰਤੋਖ ਸਿੰਘ ਇਹ ਕਹਿੰਦੇ ਵੀ ਸੁਣਾਈ ਦਿੰਦੇ ਹਨ ਕਿ ਨੋਟਬੰਦੀ ਨਾਲ ਬਹੁਤ ਕੰਮ ਖਰਾਬ ਹੋ ਗਿਆ ਹੈ।
ਕਾਬਿਲੇਗੌਰ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਚੌਧਰੀ ਸੰਤੋਖ ਸਿੰਘ ਜਲੰਧਰ ਹਲਕੇ ਤੋਂ ਮੁੜ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਚੌਧਰੀ ਸੰਤੋਖ ਸਿੰਘ 70 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਹਾਲਾਂਕਿ ਕਾਂਗਰਸ ਵਿਚੋਂ ਹੋਰ ਆਗੂਆਂ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ ਜਿਨ੍ਹਾਂ ਵਿਚ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸਮੇਤ ਹੋਰ ਆਗੂ ਸ਼ਾਮਲ ਹਨ। ਅਜਿਹੇ ਮੌਕੇ ਸਟਿੰਗ ਅਪਰੇਸ਼ਨ ਦੇ ਸਾਹਮਣੇ ਆਉਣ ਨਾਲ ਕਾਂਗਰਸ ’ਚ ਚੌਧਰੀ ਸੰਤੋਖ ਸਿੰਘ ਦਾ ਵਿਰੋਧੀ ਧੜਾ ਖੁਸ਼ ਨਜ਼ਰ ਆ ਰਿਹਾ ਹੈ।

Previous articleਕਰਤਾਰਪੁਰ ਲਾਂਘਾ: ਆਹਮੋ-ਸਾਹਮਣੇ ਬਣਨਗੇ ਦੋਹਾਂ ਦੇਸ਼ਾਂ ਦੇ ਗੇਟ
Next articleਸਾਵੰਤ ਸਰਕਾਰ ਦੀ ਅਸੈਂਬਲੀ ’ਚ ਪਰਖ ਅੱਜ