ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਤਿੰਨ ਵਾਰ ਕੌਸਲਰ ਰਹੇ ਗੁਰਚਰਨ ਦਾਸ ਕਾਲਾ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਬਸਪਾ, ਭਾਜਪਾ ਅਤੇ ‘ਆਪ’ ਦੇ ਆਗੂ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਤਹਿਤ ਹੀ ਅੱਜ ਇਥੇ ਸੈਕਟਰ-35 ਵਿਚ ਕਾਂਗਰਸ ਭਵਨ ਵਿਚ ਹੋਏ ਸਮਾਗਮ ਦੌਰਾਨ ਸ੍ਰੀ ਕਾਲਾ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੌਕੇ ਸ੍ਰੀ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਸ੍ਰੀ ਕਾਲਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਕਾਲਾ ਦੇ ਪਾਰਟੀ ਵਿਚ ਆਉਣ ਨਾਲ ਮਨੀਮਾਜਰਾ ਖੇਤਰ ਵਿਚ ਚੋਣਾਂ ਦੌਰਾਨ ਸ੍ਰੀ ਬਾਂਸਲ ਨੂੰ ਭਾਰੀ ਬਲ ਮਿਲੇਗਾ। ਦੱਸਣਯੋਗ ਹੈ ਕਿ ਸ੍ਰੀ ਕਾਲਾ ਪਹਿਲਾਂ ਵੀ ਕਾਂਗਰਸ ਵਿਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਭਾਜਪਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਚੰਡੀਗੜ੍ਹ ਵਿਕਾਸ ਮੰਚ ਵਿਚ ਵੀ ਕੰਮ ਕਰ ਚੁੱਕੇ ਹਨ। ਸ੍ਰੀ ਕਾਲਾ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਉਹ ਸ੍ਰੀ ਬਾਂਸਲ ਨੂੰ ਜਿਤਾਉਣ ਲਈ ਪ੍ਰਚਾਰ ਕਰਨਗੇ। ਇਸ ਮੌਕੇ ਸ੍ਰੀ ਕਾਲਾ ਨਾਲ ਲੋਕ ਗਾਇਕ ਗੁਰਿੰਦਰ ਗਿੰਦਾ ਸਾਰੰਗਪੁਰ ਵੀ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਸ੍ਰੀ ਕਾਲਾ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ 19 ਅਪਰੈਲ ਨੂੰ ਮਨੀਮਾਜਰਾ ਵਿਚ ਰੈਲੀ ਕਰਕੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਬੇਨਕਾਬ ਕੀਤੀਆਂ ਜਾਂਣਗੀਆ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ ਮੋਦੀ ਵਿਰੁੱਧ ਆਵਾਜ਼ ਉਠ ਰਹੀ ਹੈ ਅਤੇ ਲੋਕ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਨੂੰ ਦੇਖਣਾ ਚਾਹੁੰਦੇ ਹਨ। ਇਸ ਮੌਕੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਾਂਗਰਸੀ ਵਰਕਰਾਂ ਨੂੰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਨੀਤੀਆਂ ਖ਼ਿਲਾਫ਼ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਕਾਲਾ ਜ਼ਮੀਨ ਨਾਲ ਜੁੜਿਆ ਆਗੂ ਹੈ ਅਤੇ ਉਹ ਲੋਕਾਂ ਦੇ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਠਾਉਂਦੇ ਹਨ। ਸੂਤਰਾਂ ਅਨੁਸਾਰ ਕਾਂਗਰਸ ਨੇ ਭਾਜਪਾ ਦੇ ਉਮੀਦਵਾਰ ਦਾ ਐਲਾਨ ਹੋਣ ਤੋਂ ਪਹਿਲਾਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਦੀ ਰਣਨੀਤੀ ਬਣਾਈ ਹੈ ਤਾਂ ਜੋ ਸੰਸਦ ਮੈਂਬਰ ਕਿਰਨ ਖੇਰ ਅਤੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਵਿਚਕਾਰ ਟਿਕਟ ਨੂੰ ਲੈ ਚੱਲ ਰਹੀ ਖਿਚੋਤਾਣ ਦਾ ਲਾਭ ਉਠਾਇਆ ਜਾ ਸਕੇ। ਇਸ ਮੌਕੇ ਕਾਂਗਰਸੀ ਆਗੂ ਦਵਿੰਦਰ ਬਬਲਾ, ਜਤਿੰਦਰ ਭਾਟੀਆ, ਗੁਰਪ੍ਰੀਤ ਗਾਬੀ, ਭੁਪਿੰਦਰ ਬਡਹੇੜੀ, ਸੁਰਿੰਦਰ ਸਿੰਘ ਮਨੀਮਾਜਰਾ, ਅਜੇ ਜੋਸ਼ੀ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।
INDIA ਸਾਬਕਾ ਮੇਅਰ ਗੁਰਚਰਨ ਕਾਲਾ ਕਾਂਗਰਸ ਵਿੱਚ ਸ਼ਾਮਲ