ਹਿਮਾਚਲ ਪ੍ਰਦੇਸ਼ ਦੇ ਨਾਜਾਇਜ਼ ਟਿੱਪਰਾਂ ਦਾ ਪੰਜਾਬ ’ਚ ਦਾਖ਼ਲਾ ਬੰਦ

ਹਿਮਾਚਲ ਪ੍ਰਦੇਸ਼ ਵਿਚ ਲੱਗੇ ਕਰੱਸ਼ਰਾਂ ਤੋਂ ਖਣਨ ਸਮੱਗਰੀ ਲੈ ਕੇ ਸਥਾਨਕ ਤਹਿਸੀਲ ਦੇ ਨੀਮ ਪਹਾੜੀ ਪਿੰਡਾਂ ਵਿਚ ਦਾਖ਼ਲ ਹੁੰਦੇ ਭਾਰੀ ਵਾਹਨਾਂ ਵਲੋਂ ਤੋੜੀ ਜਾ ਰਹੀ ਕੰਢੀ ਨਹਿਰ ਦੀ ਪਟੜੀ ਦਾ ਨੋਟਿਸ ਲੈਂਦਿਆਂ ਕੰਢੀ ਨਹਿਰ ਸਿੰਜਾਈ ਵਿਭਾਗ ਨੇ ਅੱਜ ਪਿੰਡ ਸ਼ਾਹਪੁਰ ਕੋਲ ਭਾਰੀ ਪਿੱਲਰਾਂ ਨਾਲ ਨਹਿਰੀ ਪਟੜੀ ਦਾ ਇਹ ਨਜਾਇਜ਼ ਲਾਂਘਾ ਬੰਦ ਕਰ ਦਿੱਤਾ। ਬੇਸ਼ੱਕ ਇਸ ਤੋਂ ਪਹਿਲਾਂ ਵੀ ਸਬੰਧਤ ਵਿਭਾਗ ਪਿਛਲੇ ਸਾਲ ਇਹ ਰਸਤਾ ਕਈ ਵਾਰ ਬੰਦ ਕਰ ਚੁੱਕਾ ਹੈ ਅਤੇ ਕਰੱਸ਼ਰ ਮਾਲਕਾਂ ਵਲੋਂ ਜਬਰੀ ਇਹ ਲਾਂਘਾ ਤੋੜ ਕੇ ਆਪਣੇ ਵਾਹਨ ਲੰਘਾਏ ਜਾਂਦੇ ਰਹੇ ਹਨ ਪਰ ਇਸ ਵਾਰ ਮੁੜ ਵਿਭਾਗੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੰਜ ਮਹੀਨਿਆਂ ਬਾਅਦ ਇਹ ਲਾਂਘਾ ਵੱਡੇ ਪਿੱਲਰਾਂ ਨਾਲ ਮੁੜ ਬੰਦ ਕੀਤਾ ਗਿਆ ਹੈ। ਚੇਤੇ ਰਹੇ ਕਿ ਪਿੰਡ ਰਾਮ ਪੁਰ ਬਿਲੜੋਂ ਦੀ ਪੰਚਾਇਤ ਵਲੋਂ ਹਿਮਾਚਲ ਪ੍ਰਦੇਸ਼ ਦੇ ਦੋ ਕਰੱਸ਼ਰਾਂ ਨੂੰ ਆਪਣੇ ਜੰਗਲੀ ਰਕਬੇ ਵਿਚੋਂ ਲਾਂਘੇ ਦੇਣ ਦਾ ਮਾਮਲਾ ਪਿਛਲੇ ਦੋ ਸਾਲਾਂ ਤੋਂ ਚਰਚਾ ਵਿਚ ਰਿਹਾ ਹੈ
ਇਨ੍ਹਾਂ ਕਰੱਸ਼ਰਾਂ ਤੋਂ ਨਿਕਲਦੇ ਭਾਰੀ ਵਾਹਨ ਕੰਢੀ ਨਹਿਰ ਦੀ ਪਟੜੀ ਨੂੰ ਤੋੜ ਕੇ ਨਿਕਲਦੇ ਰਹੇ ਹਨ ਜਿਸ ਨਾਲ ਨਹਿਰ ਦੀ ਦੋ ਕਿਲੋਮੀਟਰ ਲੰਮੀ ਪਟੜੀ ਜ਼ਮੀਨ ਵਿਚ ਧਸ ਚੁੱਕੀ ਹੈ। ਇਹ ਰਸਤਾ ਫਿਲਹਾਲ ਬੰਦ ਹੈ ਪਰ ਜੰਗਲ ਵਿਚੋਂ ਹੋਰ ਰਸਤੇ ਕੱਢ ਕੇ ਮੁੜ ਇਸ ਪਟੜੀ ਨੂੰ ਟਿੱਪਰਾਂ ਵਲੋਂ ਤੋੜਿਆ ਜਾ ਰਿਹਾ ਸੀ। ਇਸ ਸਬੰਧੀ ਲਗਾਤਾਰ ਸੰਘਰਸ਼ ਕਰਨ ਵਾਲੀ ਜਥੇਬੰਦੀ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਡੀਸੀ ਹੁਸ਼ਿਆਰਪੁਰ ਨੂੰ ਦੋ ਦਿਨ ਪਹਿਲਾਂ ਮੰਗ ਪੱਤਰ ਦੇ ਕੇ ਇਹ ਲਾਂਘਾ ਬੰਦ ਕਰਨ ਦੀ ਮੰਗ ਰੱਖੀ ਸੀ ਜਿਸ ਦੇ ਆਧਾਰ ‘ਤੇ ਐਸਡੀਐਮ ਗੜ੍ਹਸ਼ੰਕਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਰਸਤਾ ਬੰਦ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਸ ਰਸਤੇ ਨੂੰ ਮੁੜ ਚਾਲੂ ਕਰਕੇ ਸ਼ਿਵਾਲਕ ਪਹਾੜਾਂ ਦੀ ਧ੍ਰੋਹਰ ਦਾ ਨਾਸ਼ ਕੀਤਾ ਗਿਆ ਤਾਂ ਉਹ ਪੱਕਾ ਮੋਰਚਾ ਲਗਾ ਕੇ ਇਸ ਲਾਂਘੇ ਨੂੰ ਬੰਦ ਕਰਵਾਉਣਗੇ ਅਤੇ ਇਸ ਬਾਰੇ ਨੇੜੇ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਵੀ ਪਾਏ ਜਾ ਰਹੇ ਹਨ।
ਕੰਢੀ ਨਹਿਰ ਦੇ ਐਕਸੀਅਨ ਵੀਕੇ ਗਿੱਲ ਨੇ ਕਿਹਾ ਕਿ ਪਟੜੀ ਦੇ ਨੁਕਸਾਨ ਕਰਕੇ ਇਹ ਰਸਤਾ ਬੰਦ ਕੀਤਾ ਗਿਆ ਹੈ ਅਤੇ ਇਸ ਲਈ ਪੁਲੀਸ ਨੂੰ ਵੀ ਸਮੇਂ ਸਮੇਂ ‘ਤੇ ਲਿਖਿਆ ਜਾਂਦਾ ਹੈ ਤਾਂ ਜੋ ਹਿਮਾਚਲ ਪ੍ਰਦੇਸ਼ ਤੋਂ ਖਣਨ ਕਰਦੇ ਵਾਹਨਾਂ ਵਲੋਂ ਤੋੜੀ ਜਾਂਦੀ ਨਹਿਰੀ ਪਟੜੀ ਨੂੰ ਰੋਕਿਆ ਜਾ ਸਕੇ।

Previous articleਸਾਬਕਾ ਮੇਅਰ ਗੁਰਚਰਨ ਕਾਲਾ ਕਾਂਗਰਸ ਵਿੱਚ ਸ਼ਾਮਲ
Next articleਸੇਮ ਨਾਲੇ ’ਚ ਅਣਸੋਧਿਆ ਪਾਣੀ ਪਾਉਣ ਵਾਲੀਆਂ 40 ਪੰਚਾਇਤਾਂ ਨੂੰ ਨੋਟਿਸ