ਸਾਡਾ ਹੱਕ ਏਥੇ ਰੱਖ

ਸੁਰਿੰਦਰ ਕੌਰ

(ਸਮਾਜ ਵੀਕਲੀ)

   ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ”ਸਾਡਾ ਹੱਕ ਏਥੇ ਰੱਖ ” ਮਤਲਬ ਪੰਜਾਬੀ ਕਦੇ ਆਪਣਾ ਹੱਕ ਨਹੀਂ ਛੱਡਦੇ । ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਕਦੇ ਹਾਰ ਨਹੀਂ ਮੰਨੀ , ਪੰਜਾਬੀਆਂ ਦੀ ਨਿਡਰਤਾ ਤੇ ਦਲੇਰੀ ਦੇ ਡਰ ਤੋਂ ਹੀ ਸਰਕਾਰਾਂ ਨੇ ਪੰਜਾਬ ਦੇ ਟੁਕੜੇ ਕਰ ਦਿੱਤੇ ਪਰ ਉਨ੍ਹਾਂ ਨੂੰ ਦਿਲਾਂ ਤੋਂ ਦੂਰ ਨਹੀਂ ਕਰ ਸਕੀਆਂ ਇਹ ਗੱਲ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਸਾਬਿਤ ਕਰ ਦਿੱਤੀ ।

ਇਸ ਵਿੱਚ ਪੰਜਾਬ ਤੇ ਹਰਿਆਣਾ ਨੇ ਮਿਲ ਕੇ ਸਰਕਾਰਾਂ ਦੀ ਨੀੰਦ ਉਡਾ ਦਿੱਤੀ ਅਤੇ ਹੌਲੀ ਹੌਲੀ ਰਾਜਸਥਾਨ , ਉੱਤਰਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ । ਬਾਹਰਲੇ ਦੇਸ਼ਾਂ ‘ਚ ਵਸਦੇ ਪੰਜਾਬੀਆਂ ਵਲੋਂ ਵੀ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ । ਸੋਚਿਆ ਨਹੀਂ ਸੀ ਕਿ ਕਿਸਾਨ ਧਰਨੇ ਤੋਂ ਸ਼ੁਰੂ ਹੋ ਕੇ ਇਹ ਲੰਮਾ ਕਿਸਾਨ ਅੰਦੋਲਨ ਬਣ ਜਾਵੇਗਾ । ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿਸਦਾ ਕੋਈ ਮੈਂਬਰ ਧਰਨੇ ਵਿੱਚ ਨਾ ਪਹੁੰਚਿਆ ਹੋਵੇ ।

ਹੁਣ ਇਹ ਲੜ੍ਹਾਈ ਇਕੱਲੇ ਕਿਸਾਨਾਂ ਦੀ ਨਾ ਹੋ ਕੇ ਹਰ ਭਾਰਤਵਾਸੀ ਦੀ ਬਣ ਗਈ ਹੈ । ਹਰ ਵਰਗ ਦੇ ਲੋਕ ਜਾਤ-ਪਾਤ ਤੋਂ ਉੱਪਰ ਉੱਠ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇਸ ਅੰਦੋਲਨ ਵਿੱਚ ਕੁੱਦ ਪਏ ਹਨ ਕਿਉਂਕਿ ਉਹ ਇਸ ਤੋਂ ਬਾਅਦ ਹੋਣ ਵਾਲੇ ਨੁਕਸਾਨ ਬਾਰੇ ਜਾਣਦੇ ਹਨ ਪਰ ਅਫਸੋਸ ਕੇਂਦਰ ਸਰਕਾਰ ਅਜੇ ਵੀ ਖੇਤੀ ਕਾਨੂੰਨ ਦੇ ਫਾਇਦੇ ਸਮਝਾ ਰਹੀ  ਹੈ ਪ੍ਰੰਤੂ ਜਨਤਾ ਹੁਣ ਸਭ ਸਮਝ ਚੁੱਕੀ ਹੈ । ਉਹ ਕਾਰਪੋਰੇਟਾਂ ਦੁਆਰਾ ਹੋਣ ਵਾਲੀ ਲੁੱਟ ਤੋਂ ਅਣਜਾਣ ਨਹੀਂ ਹੈ ।

ਕੜਾਕੇ ਦੀ ਠੰਡ ਅਤੇ ਤੇਜ਼ ਬਾਰਿਸ਼ ਵੀ ਉਨ੍ਹਾਂ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕੀ ।ਇਸ ਅੰਦੋਲਨ ਵਿੱਚ ਅੌਰਤਾਂ ਅਤੇ ਬੱਚਿਆਂ ਨੇ ਵੀ ਵਧ ਚੜ੍ ਕੇ ਹਿੱਸਾ ਲਿਆ । ਸਰਕਾਰ ਨੂੰ ਲੋਕ ਹਿੱਤਾਂ ਨੂੰ ਵੇਖਦੇ ਹੋਏ ਇਨ੍ਹਾਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ।ਰੋਹ ਵਿੱਚ ਆਏ ਲੋਕਾਂ ਨੇ ਖੇਤੀ ਕਾਨੂੰਨਾਂ ਦੇ ਨਾਲ ਨਾਲ ਕਾਰਪੋਰੇਟ ਘਰਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ । ਅੰਬਾਨੀ ,ਅੰਡਾਨੀ ਅਤੇ ਪੰਤਾਜਲੀ ਦੇ ਸਮਾਨ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ ਜਾ ਰਿਹਾ ਹੈ ।

ਹੁਣ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਕਿਸਾਨਾਂ ਦੇ ਨਾਲ ਹੋਣ ਦਾ ਡਰਾਮਾ ਕਰ ਰਹੀਆਂ ਹਨ । ਅੰਡਾਨੀ ਦੀਆਂ ਪੰਜਾਬ ਵਿੱਚ ਸੱਤ ਕੰਪਨੀਆਂ ਦਾ ਸਥਾਪਿਤ ਹੋਣਾ ਇਨ੍ਹਾਂ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਕੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ । ਇਹ ਸਿਆਸੀ ਲੋਕ ਆਪਣੀਆਂ ਨਿੱਜੀ ਜਾਇਦਾਦਾਂ ਇਨ੍ਹਾਂ ਕਾਰਪੋਰੇਟਾਂ ਨੂੰ ਕਿਰਾਏ ਤੇ ਦੇ ਕੇ ਕਰੋੜਾਂ ਰੁਪਏ ਕਮਾਉੰਦੇ ਨੇ ਅਤੇ ਸਰਕਾਰੀ ਜਮੀਨਾਂ ਨੂੰ ਮਿੱਟੀ ਦੇ ਭਾਅ ਇਨ੍ਹਾਂ ਨੂੰ ਦੇ ਦਿੱਤਾ ਜਾਂਦਾ ਹੈ । ਇਹ ਲੋਕ ਸਿਰਫ਼ ਨਿੱਜੀ ਹਿੱਤਾਂ ਬਾਰੇ ਸੋਚਦੇ ਹਨ ਦੇਸ਼ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ । ਇਹ ਗੱਲ ਜਨਤਾ ਹੁਣ ਸਮਝ ਚੁੱਕੀ ਹੈ ।ਸਰਕਾਰ ਜਨਤਾ ਨੂੰ ਬੇਵਕੂਫ ਸਮਝਣਾ ਬੰਦ ਕਰੇ ।

”ਅੰਨਦਾਤੇ ਨੂੰ ਨਾ ਮਿੱਟੀ ਵਿੱਚ ਰੋਲ ਹਾਕਮਾਂ ।
ਚਾਹ ਬਣਾਉਂਦੇ ਨੂੰ ਤੈਨੂੰ ਜਿਨ੍ਹਾਂ ਤਖ਼ਤ ਬਿਠਾਇਆ ,
ਦਿੱਤਾ ਉਨ੍ਹਾਂ ਦਾ ਤੂੰ ਵਿਸ਼ਵਾਸ਼ ਤੋੜ ਹਾਕਮਾਂ ।
ਅੰਨਦਾਤੇ ਨੂੰ ਨਾ ਮਿੱਟੀ ਵਿੱਚ ਰੋਲ ਹਾਕਮਾਂ ।
ਅੱਗ ਲਾਉਣ ਤੇ ਪਰਾਲੀ ਲਾਵੇਂ ਕਰੋੜਾਂ ਜੁਰਮਾਨਾ ,
ਧੂੰਆਂ ਫੈਕਟਰੀਆਂ ਦਾ ਨਾ ਦਿਸੇ ਤੈਨੂੰ ਕੋਲ ਹਾਕਮਾਂ ।
ਅੰਨਦਾਤੇ ਨੂੰ ਨਾ ਮਿੱਟੀ ਵਿੱਚ ਰੋਲ ਹਾਕਮਾਂ ।”    

ਸੁਰਿੰਦਰ ਕੌਰ
6283188928

Previous articleFarmer agitation enters 47th day, all eyes on SC hearing pleas on protests
Next articleਗ਼ਜ਼ਲ