ਗ਼ਜ਼ਲ

ਗੁਰਮਾਨ ਸੈਣੀ
(ਸਮਾਜ ਵੀਕਲੀ)
ਦਰਦ ਆ ਖਲੋਇਆ ਤੇਰੇ ਜਾਣ ਪਿੱਛੋਂ ।
ਬੁਰਾ  ਹਾਲ ਹੋਇਆ ਤੇਰੇ ਜਾਣ  ਪਿੱਛੋਂ ।
ਡੁੱਬਣਾ ਤਾਂ ਹੈ ਸੀ ਹਰ ਸੈਅ ਨੇ ਆਖਿਰ
ਜੀ ਪਹਿਲੋਂ ਡੁਬੋਇਆ ਤੇਰੇ ਜਾਣ ਪਿੱਛੋਂ।
ਦੀਵਾਲੀ ਦੇ ਦੀਵੇ ਜਗੇ ਹਰ ਤਰਫ ਨੇ
ਦਿਲ ਨੇਰ੍ਹਾ ਹੀ ਢੋਇਆ ਤੇਰੇ ਜਾਣ ਪਿੱਛੋਂ।
ਬੁਝੇ ਚੰਨ ਤਾਰੇ ਤੇ ਠਹਿਰੀ ਹਵਾ ਵੀ
ਭਲਾ ਕੀ ਨੀ ਹੋਇਆ ਤੇਰੇ ਜਾਣ ਪਿੱਛੋਂ।
ਸ਼ਿਵ ਜੀ ਦਾ ਤਾਂਡਵ ਤੇ ਕੁਝ ਵੀ ਨਹੀ ਸੀ
ਮੌਤ ਦਾ ਜਸ਼ਨ ਹੋਇਆ ਤੇਰੇ ਜਾਣ ਪਿੱਛੋਂ।
ਉਹ ਸ਼ਬਦਾਂ ਦਾ ਝੱਖੜ ਸੀ ਕੋਰੇ ਸਫੇ ‘ਤੇ
ਜਾਰੋ- ਜਾਰ  ਰੋਇਆ ਤੇਰੇ ਜਾਣ ਪਿੱਛੋਂ ।
ਸੀ  ਲੌ  ਦੀਵਿਆਂ  ਦੀ, ਮੇਰੇ  ਲਈ  ਤੂੰ
ਬਹੁਤ ਨੇਰ੍ਹ ਢੋਇਆ ਤੇਰੇ  ਜਾਣ ਪਿੱਛੋਂ ।
ਚਲਦਾ ਰਿਹਾ ਦੌਰ ਜੀਵਨ ਦਾ ਉਂਝ ਤਾਂ..
ਤੇਰਾ “ਮਾਨ” ਮੋਇਆ ਤੇਰੇ ਜਾਣ ਪਿੱਛੋਂ।
–ਗੁਰਮਾਨ ਸੈਣੀ
9256346906, 8360487488
Previous articleਸਾਡਾ ਹੱਕ ਏਥੇ ਰੱਖ
Next articleਵਾਰ