(ਸਮਾਜ ਵੀਕਲੀ)
ਆਓ ਸਾਰੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਈਏ,
ਥਾਂ ਥਾਂ ਤੇ ਮੇਲੇ ਅਤੇ ਜਲਸੇ ਕਰਵਾਈਏ।
ਸੋਹਣੇ ਸੋਹਣੇ ਫੁੱਲਾਂ ਦੇ ਹਾਰ ਬਣਵਾਈਏ,
ਵੱਡੇ-ਵੱਡੇ ਪੋਸਟਰ ਅਤੇ ਬੈਨਰ ਛਪਵਾਈਏ।
ਸਪੀਕਰਾਂ ਦੇ ਵਿੱਚ ਰੌਲ਼ਾ ਪਾਈਏ,
ਝੰਡੇ ਲੋਕਾਂ ਹੱਥ ਫੜਾਈਏ।
ਨੌਜ਼ਵਾਨੀ ਦਾ ਜਨੂੰਨ ਦਿਖਾਈਏ,
ਦੇਸ਼ ਭਗਤੀ ਦੇ ਗਾਣੇ ਗਾਈਏ।
ਚਲੋ ਬਈ ਸਾਰੇ ਬਣ- ਠਣ ਕੇ ਜਾਈਏ,
ਮੁੱਛਾਂ ਭਗਤ ਸਿੰਘ ਵਾਗੂੰ ਕਰਵਾਈਏ।
ਸਿਰ ਤੇ ਸੋਹਣੀ ਪੱਗ ਜਚਾਈਏ,
ਇਨਕਲਾਬ ਦੇ ਨਾਹਰੇ ਲਗਾਈਏ।
ਸ਼ਹੀਦਾਂ ਦੇ ਨਾਂ ਤੇ ਲੰਗਰ ਲਵਾਈਏ,
ਇੱਕ ਦਿਨ ਕੇਸਰੀ ਰੰਗ ਸਜਾਈਏ।
ਨਾਂ..ਨਾਂ.. ਨਾਂ ਸੋਚ ਨਾਂ ਓਹਦੀ ਅਪਣਾਈਏ,
ਬੱਸ ਰੌਲ਼ਾ ਪਾ ਕੇ ਟੌਹਰ ਵਧਾਈਏ।
ਜ਼ੁਲਮ ਦੇ ਖਿਲਾਫ ਆਵਾਜ਼ ਨਾਂ ਉਠਾਈਏ,
ਐਵੇਂ ਨਾਂ ਕਿਧਰੇ ਫਾਂਸੀ ਚੜ੍ਹ ਜਾਈਏ।
ਬੱਸ ਫੋਟੋ ਲਾ ਕੇ ਸਟੇਟਸ ਤੇ ਪਾਈਏ,
ਇੰਝ ਭਗਤ ਸਿੰਘ ਦੇ ਵਾਰਿਸ ਅਖਵਾਈਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:946463059