ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਮਗਰੋਂ ਵਿਆਹ ਦਾ ਮਾਮਲਾ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਕ ਟਵੀਟ ਕਰਕੇ ਪਾਕਿਸਤਾਨ ਵਿੱਚ ਦੋ ਹਿੰਦੂ ਨਾਬਾਲਗ ਕੁੜੀਆਂ ਨੂੰ ਅਗਵਾ ਤੇ ਮਗਰੋਂ ਜਬਰੀ ਧਰਮ ਤਬਦੀਲੀ ਮਾਮਲੇ ਵਿੱਚ ਗੁਆਂਢੀ ਮੁਲਕ ਵਿਚਲੇ ਆਪਣੇ ਰਾਜਦੂਤ ਅਜੈ ਬਿਸਾੜੀਆ ਤੋਂ ਰਿਪੋਰਟ ਮੰਗ ਲਈ ਹੈ। ਇਸ ਟਵੀਟ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦਰਮਿਆਨ ਅੱਜ ਪੂਰਾ ਦਿਨ ਸ਼ਬਦੀ ਜੰਗ ਚਲਦੀ ਰਹੀ। ਸ੍ਰੀਮਤੀ ਸਵਰਾਜ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਸ੍ਰੀ ਚੌਧਰੀ ਨੇ ਕਿਹਾ, ‘ਮੈਡਮ, ਇਹ ਪਾਕਿਸਤਾਨ ਦਾ ਅੰਦਰੂਨੀ ਮਸਲਾ ਹੈ ਤੇ ਯਕੀਨ ਕਰਕੇ ਜਾਣਿਓ ਕਿ ਇਹ ਮੋਦੀ ਦਾ ਭਾਰਤ ਨਹੀਂ ਹੈ, ਜਿੱਥੇ ਘੱਟਗਿਣਤੀਆਂ ਨੂੰ ਦਬਾਇਆ ਜਾਂਦਾ ਹੈ। ਇਹ ਇਮਰਾਨ ਼ ਖ਼ਾਨ ਦਾ ਨਵਾਂ ਪਾਕਿ ਹੈ, ਜਿੱਥੇ ਸਾਡੇ ਕੌਮੀ ਤਿਰੰਗੇ ਵਿਚਲਾ ਸਫ਼ੇਦ ਰੰਗ ਸਾਨੂੰ ਓਨਾ ਹੀ ਪਿਆਰਾ ਹੈ।’ ਸੂਚਨਾ ਮੰਤਰੀ ਨੇ ਅੱਗੇ ਕਿਹਾ, ‘ਮੈਂ ਆਸ ਕਰਦਾ ਹਾਂ ਕਿ ਜਦੋਂ ਭਾਰਤੀ ਘੱਟਗਿਣਤੀਆਂ ਦੇ ਹੱਕਾਂ ਦੀ ਗੱਲ ਆਏਗੀ ਤਾਂ ਤੁਸੀਂ ਓਨੇ ਹੀ ਉੱਦਮ ਨਾਲ ਕਾਰਵਾਈ ਕਰੋਗੇ।’ ਵਿਦੇਸ਼ ਮੰਤਰੀ ਸਵਰਾਜ ਨੇ ਚੌਧਰੀ ਦੇ ਇਸ ਟਵੀਟ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਤਾਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਕਰਾਏ ਜਾਣ ਸਬੰਧੀ ਭਾਰਤੀ ਹਾਈ ਕਮਿਸ਼ਨਰ ਤੋਂ ਸਿਰਫ਼ ਰਿਪੋਰਟ ਮੰਗੀ ਸੀ। ਉਨ੍ਹਾਂ ਕਿਹਾ, ‘ਤੁਹਾਨੂੰ ਘਬਰਾਹਟ ਵਿੱਚ ਪਾਉਣ ਲਈ ਇੰਨਾ ਕਾਫ਼ੀ ਸੀ। ਸਾਫ਼ ਹੈ ਕਿ ‘ਚੋਰ ਦੀ ਦਾੜ੍ਹੀ ਵਿੱਚ ਤਿਣਕਾ’ ਹੈ।’