ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ’ ਵੱਲੋਂ ਨਵੇਂ ਸਬੂਤ ਪੇਸ਼

ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ’ਚ ਨਵੇਂ ਸਬੂਤ ਪੇਸ਼ ਕੀਤੇ ਹਨ। ਸਿਟ ਨੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਮੈਡੀਕਲ ਰਿਪੋਰਟਾਂ ਤੇ ਹੋਰ ਸਬੂਤ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਬਹਿਬਲ ਕਲਾਂ ’ਚ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਸਨ, ਪਰ ਚਰਨਜੀਤ ਸ਼ਰਮਾ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਹਾਲਾਤ ਵਿਗਾੜੇ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅਪਸ਼ਬਦ ਕਹੇ ਤੇ ਇੱਕ ਮੁਜ਼ਾਹਰਾਕਾਰੀ ਦੇ ਥੱਪੜ ਵੀ ਮਾਰਿਆ।
ਜ਼ਿਕਰਯੋਗ ਹੈ ਕਿ ਇਸ ਕੇਸ ’ਚ ਮੁਲਜ਼ਮ ਪੁਲੀਸ ਅਫਸਰਾਂ ਜਿਨ੍ਹਾਂ ’ਚ ਆਈਜੀਪੀ ਤੇ ਐੱਸਐੱਸਪੀ ਵੀ ਸ਼ਾਮਲ ਹਨ, ਨੇ 14 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ’ਚ ਮੁਜ਼ਾਹਰਾਕਾਰੀਆਂ ’ਤੇ ਗੋਲੀ ਚਲਾਉਣ ਦੇ ਦੋਸ਼ਾਂ ਨੂੰ ਝੂਠ ਦੱਸਿਆ ਹੈ।
ਸਿਟ ਨੇ ਆਪਣੀ ਰਿਪੋਰਟ ’ਚ ਦੋਸ਼ ਲਗਾਇਆ ਕਿ ਪੁਲੀਸ ਨੇ ਡਿਊਟੀ ਮੈਜਿਸਟਰੇਟ ਜੋ ਕਿ ਮੌਕੇ ’ਤੇ ਹਾਜ਼ਰ ਸੀ, ਦੀ ਮਨਜ਼ੂਰੀ ਲਏ ਬਿਨਾਂ ਹੀ ਮੁਜ਼ਾਹਰਾਕਾਰੀਆਂ ’ਤੇ ਪਹਿਲਾਂ ਲਾਠੀਚਾਰਜ ਕੀਤਾ ਤੇ ਬਾਅਦ ਵਿੱਚ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਪੁਲੀਸ ਨੂੰ ਮੁਜ਼ਾਹਰਾਕਾਰੀਆਂ ਤੋਂ ਖਤਰਾ ਸੀ ਕਿਉਂਕਿ ਕਿਸੇ ਵੀ ਮੁਜ਼ਾਹਰਾਕਾਰੀ ਕੋਲ ਕੋਈ ਹਥਿਆਰ ਨਹੀਂ ਸੀ। ਸਿਟ ਨੇ ਕਿਹਾ ਕਿ ਪੁਲੀਸ ਨੇ ਚਰਨਜੀਤ ਸ਼ਰਮਾ ਦੀ ਜਿਪਸੀ ’ਤੇ 12 ਬੋਰ ਦੀ ਬੰਦੂਕ ਨਾਲ ਖੁਦ ਗੋਲੀਆਂ ਚਲਾ ਕੇ ਝੂਠੇ ਸਬੂਤ ਤਿਆਰ ਕੀਤੇ ਹਨ।
ਸਿਟ ਨੇ ਕਿਹਾ ਕਿ ਪੁਲੀਸ ਨੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ (ਨੰ. 129) ’ਚ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਏਐੱਸਆਈ ਸੁਰਿੰਦਰ ਕੁਮਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਆਤਮ ਰੱਖਿਆ ਲਈ ਪੁਲੀਸ ਨੂੰ ਗੋਲੀ ਚਲਾਉਣੀ ਪਈ। ਜਦਕਿ ਸੁਰਿੰਦਰ ਕੁਮਾਰ ਵੱਲੋਂ ਸਿਟ ਕੋਲ ਬਿਆਨ ਦਿੱਤੇ ਗਏ ਹਨ ਕਿ ਪੁਲੀਸ ਨੇ ਉਸ ਦੀ ਕੁੱਟਮਾਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਮੁਜ਼ਾਹਰਾਕਾਰੀਆਂ ’ਤੇ ਗੋਲੀ ਚਲਾ ਦਿੱਤੀ ਸੀ ਤੇ ਪੁਲੀਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹੀ ਲੋਕਾਂ ਨੇ ਪੁਲੀਸ ਦੀਆਂ ਗੱਡੀਆਂ ਸਾੜੀਆਂ ਸਨ।

Previous articleRoyal Commission to probe Christchurch attacks
Next articleਸਵਰਾਜ ਨੇ ਭਾਰਤੀ ਹਾਈ ਕਮਿਸ਼ਨਰ ਤੋਂ ਰਿਪੋਰਟ ਮੰਗੀ