ਝੁਨੀਰ ਪੁਲੀਸ ਵੱਲੋਂ ਪੰਚਾਇਤ ਵਿਭਾਗ ਦੀ ਸ਼ਿਕਾਇਤ ’ਤੇ ਪਿੰਡ ਝੰਡੂਕੇ ਦੇ ਸਰਪੰਚ ’ਤੇ ਦਰਜ ਕੀਤੇ ਗਏ ਪਰਚੇ ਦੇ ਵਿਰੋਧ ’ਚ ਅੱਜ ਪਿੰਡ ਝੰਡੂਕੇ ਵਾਸੀਆਂ ਨੇ ਮਾਨਸਾ-ਸਰਦੂਲਗੜ੍ਹ ਨੈਸ਼ਨਲ ਹਾਈਵੇਅ ’ਤੇ ਝੁਨੀਰ ਬੱਸ ਅੱਡਾ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ, ਪੰਚਾਇਤੀ ਵਿਭਾਗ ਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਚਾ ਰੱਦ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਾਕਮ ਸਿੰਘ ਝੁਨੀਰ, ਕਾਮਰੇਡ ਸੁਰਜੀਤ ਸਿੰਘ ਕੋਟ ਧਰਮੂ ਤੇ ਕਾਮਰੇਡ ਸਰਪੰਚ ਗੁਰਮੀਤ ਸਿੰਘ ਨੰਦਗੜ੍ਹ ਆਦਿ ਨੇ ਕਿਹਾ ਕਿ ਪਿੰਡ ਦੇ ਛੱਪੜ ’ਚ ਛੱਡੀਆਂ ਮੱਛੀਆਂ ਜੋ ਵਿਕਣਯੋਗ ਹੋ ਗਈਆਂ ਸਨ। ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਇਨ੍ਹਾਂ ਮੱਛੀਆਂ ਨੂੰ ਛੱਪੜ ਵਿੱਚੋਂ ਕੱਢਕੇ ਵੇਚ ਦਿੱਤਾ ਸੀ। ਤਾਂ ਜੋ ਇਹ ਪੈਸਾ ਛੱਪੜ ਦੀ ਚਾਰਦੀਵਾਰੀ ਉੱਪਰ ਲਾਇਆ ਜਾ ਸਕੇ। ਛੱਪੜ ਵਿੱਚੋਂ ਮੱਛੀਆਂ ਕੱਢ ਕੇ ਵੇਚਣ ’ਚ ਮੌਜੂਦਾ ਸਰਪੰਚ ਸੁਖਦੇਵ ਸਿੰਘ ਦਾ ਕੋਈ ਲੈਣ ਦੇਣ ਨਹੀਂ ਸੀ ਪਰ ਪਿੰਡ ਦੇ ਇੱਕ ਵਿਅਕਤੀ ਜੋ ਸਰਪੰਚ ਦਾ ਵਿਰੋਧੀ ਹੈ, ਨੇ ਬਲਾਕ ਪੰਚਾਇਤ ਅਫਸਰ ਕੋਲ ਇਸ ਸਰਪੰਚ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਲੋਕਲ ਕਾਂਗਰਸੀ ਲੀਡਰ ਦੀ ਸ਼ਹਿ ’ਤੇ ਸਰਪੰਚ ਖ਼ਿਲਾਫ਼ ਇਹ ਮਾਮਲਾ ਬੀਡੀਓ ਝੁਨੀਰ ਨੇ ਥਾਣਾ ਮੁਖੀ ਝੁਨੀਰ ਨੂੰ ਲਿਖਤੀ ਤੌਰ ’ਤੇ ਕਾਰਵਾਈ ਕਰਨ ਲਈ ਭੇਜਿਆ ਤਾਂ ਥਾਣਾ ਮੁਖੀ ਝੁਨੀਰ ਨੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਵਿਰੁੱਧ ਨਾਜਾਇਜ਼ ਤੌਰ ’ਤੇ ਛੱਪੜ ਵਿੱਚੋਂ ਮੱਛੀਆਂ ਕੱਢ ਕੇ ਵੇਚਣ ਦਾ ਮਾਮਲਾ ਦਰਜ ਕਰ ਲਿਆ ਜੋ ਪੁਲੀਸ ਦਾ ਰਾਜਸੀ ਸ਼ਹਿ ’ਤੇ ਦਰਜ ਕੀਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਇਹ ਧਰਨਾ ਲਗਾਇਆ ਹੈ ਜਦੋਂ ਤੱਕ ਇਹ ਝੂਠਾ ਪਰਚਾ ਰੱਦ ਨਹੀਂ ਕੀਤਾ ਜਾਂਦਾ, ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਧਰਨਾ ਲੱਗਣ ਕਰਕੇ ਮਾਨਸਾ ਸਿਰਸਾ ਨੈਸ਼ਨਲ ਹਾਈਵੇਅ ਝੁਨੀਰ ਕੋਲ ਬਿਲਕੁੱਲ ਬੰਦ ਹੋਣ ਕਰਕੇ ਇਸ ਰਸਤੇ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਧਰਨੇ ਦੀ ਸਥਿਤੀ ਨੂੰ ਵੇਖਦਿਆਂ ਡੀਐਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਓਨਾ ਸਮਾਂ ਸਰਪੰਚ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ।
INDIA ਸਰਪੰਚ ਵਿਰੁੱਧ ਦਰਜ ਕੇਸ ਰੱਦ ਕਰਾਉਣ ਲਈ ਹਾਈਵੇਅ ਜਾਮ