ਲਹਿਰਾਗਾਗਾ : ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਚੰਗਾਲੀਵਾਲਾ ਪਿੰਡ ‘ਚ ਜਾਤੀਵਾਦੀ ਤਸ਼ੱਦਦ ਦਾ ਸ਼ਿਕਾਰ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ‘ਚ ਅਜਿਹੀ ਘਿਨੌਣੀ ਘਟਨਾ ਨਾ ਕੇਵਲ ਸਰਕਾਰ ਸਗੋਂ ਪੂਰੇ ਸਮਾਜ ਦੇ ਮੱਥੇ ‘ਤੇ ਕਲੰਕ ਹੈ।
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਚੀਮਾ ਨੇ ਕਿਹਾ ਕਿ ਸੂਬੇ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਅਪਰਾਧੀ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹਨ।
ਚੀਮਾ ਨੇ ਕਿਹਾ ਕਿ ਚੰਗਾਲੀਵਾਲਾ ਦੇ ਇਸ ਅਣਮਨੁੱਖੀ ਅਤੇ ਸੁੰਨ ਕਰ ਦੇਣ ਵਾਲੇ ਕਤਲ ਕਾਂਡ ਨੇ ਪਿਛਲੀ ਬਾਦਲ ਸਰਕਾਰ ਦੌਰਾਨ ਅਬੋਹਰ ‘ਚ ਵਾਪਰੇ ਭੀਮ ਟਾਂਕ ਕਾਂਡ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਚੀਮਾ ਨੇ ਕਿਹਾ ਕਿ ਅੱਜ ਜਗਮੇਲ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਸੁਖਬੀਰ ਸਿੰਘ ਬਾਦਲ ਇਹ ਕਿਵੇਂ ਭੁੱਲ ਗਏ ਕਿ ਭੀਮ ਟਾਂਕ ਦੀ ਹੱਤਿਆ ਕਰਨ ਵਾਲਾ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਖ਼ੁਦ ਸੁਖਬੀਰ ਸਿੰਘ ਬਾਦਲ ਦਾ ਹੀ ਅਤਿ-ਕਰੀਬੀ ਸੀ ਅਤੇ ਸ਼ਿਵਲਾਲ ਡੋਡਾ ਅਤੇ ਉਸ ਦੇ ਦੋਸ਼ੀ ਪਰਿਵਾਰਕ ਮੈਂਬਰਾਂ ਨੂੰ ਗਿ੍ਫ਼ਤਾਰ ਕਰਾਉਣ ਲਈ ਆਪ ਪਾਰਟੀ ਸਮੇਤ ਵੱਖ-ਵੱਖ ਸੰਗਠਨਾਂ ਅਤੇ ਲੋਕਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਸੀ। ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸੀਆਂ ਅਤੇ ਅਕਾਲੀ-ਭਾਜਪਾ ਨੂੰ ਇਕੋ ਥੈਲੀ ਦੇ ਚੱਟੇ-ਵੱਟੇ ਕਰਾਰ ਦਿੱਤਾ।