ਮੁੜ SGPC ਪ੍ਰਧਾਨ ਬਣ ਸਕਦੇ ਨੇ ਗੋਬਿੰਦ ਸਿੰਘ ਲੌਂਗੋਵਾਲ, ਆਮ ਇਜਲਾਸ ਦੀਆਂ ਤਿਆਰੀਆਂ ਸ਼ੁਰੂ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਇਜਲਾਸ ਲਈ 27 ਨਵੰਬਰ ਦੀ ਤਰੀਕ ਤੈਅ ਹੋ ਗਈ ਹੈ। ਜਨਰਲ ਇਜਲਾਸ ਦੌਰਾਨ ਐੱਸਜੀਪੀਸੀ ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਦੇ 11 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਸ ‘ਚ ਐੱਸਜੀਪੀਸੀ ਦੇ ਹਾਊਸ ਦੇ 185 ਦੇ ਕਰੀਬ ਮੈਂਬਰ ਹਿੱਸਾ ਲੈ ਕੇ ਸਰਬ ਸੰਮਤੀ ਨਾਲ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ। ਜਨਰਲ ਇਜਲਾਸ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

27 ਨਵੰਬਰ ਨੂੰ ਬਾਅਦ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਇਸ ਜਨਰਲ ਇਜਲਾਸ ਦੌਰਾਨ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਦੀ ਚੋਣ ਹੋਵੇਗੀ। ਇਸ ਦੌਰਾਨ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਆਦਿ ਵੀ ਮੌਜੂਦ ਰਹਿਣਗੇ। ਐੱਸਜੀਪੀਸੀ ਦੇ ਲਗਪਗ ਸਾਰੇ ਮੈਂਬਰ ਇਸ ਇਜਲਾਸ ਦੌਰਾਨ ਮੌਜੂਦ ਰਹਿੰਦੇ ਹਨ। ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਸਿੱਖ ਕੌਮ ਲਈ ਵੱਖ-ਵੱਖ ਮਤੇ ਹਾਊਸ ਵੱਲੋਂ ਪਾਸ ਕੀਤੇ ਜਾਂਦੇ ਹਨ। ਐੱਸਜੀਪੀਸੀ ਦੇ ਜਨਰਲ ਹਾਊਸ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀ ਬਹੁਸੰਮਤੀ ਹੈ। ਇਸ ਲਈ ਅਕਾਲੀ ਦਲ ਬਾਅਦ ਦੇ ਹੀ ਮੈਂਬਰ ਦਾ ਪ੍ਰਧਾਨ ਬਣਨਾ ਤੈਅ ਹੈ। ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ‘ਚ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਖੁੱਲ੍ਹੇਆਮ ਦਖ਼ਲ ਰਹਿੰਦਾ ਹੈ। ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਐੱਸਜੀਪੀਸੀ ਦੇ ਵੱਖ-ਵੱਖ ਮੈਂਬਰਾਂ ਨਾਲ ਮੀਟਿੰਗ ਕਰ ਕੇ ਪ੍ਰਧਾਨ ਦੇ ਨਾਂ ਸਬੰਧੀ ਰਾਇ ਲਈ ਜਾਂਦੀ ਹੈ। ਇਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਹੀ ਪ੍ਰਧਾਨ ਦਾ ਨਾਂ ਤੈਅ ਕਰਦਾ ਹੈ ਤੇ ਸਰਬ ਸੰਮਤੀ ਨਾਲ ਪ੍ਰਧਾਨ ਦੀ ਚੋਣ ਸਾਰੇ ਮੈਂਬਰਾਂ ਵੱਲੋਂ ਕਰ ਲਈ ਜਾਂਦੀ ਹੈ। ਜੇਕਰ ਕਿਸੇ ਨਾਂ ‘ਤੇ ਕੋਈ ਮਤਭੇਦ ਹੁੰਦਾ ਹੈ ਤਾਂ ਮਤਦਾਨ ਵੀ ਕਰਵਾ ਲਿਆ ਜਾਂਦਾ ਹੈ। ਪਰ ਇਸ ਵਾਰ ਮਤਭੇਦ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦੁਬਾਰਾ ਪ੍ਰਧਾਨ ਚੁਣੇ ਜਾਣ ਦੀ ਪੁਰੀ ਸੰਭਾਵਨਾ ਹੈ। ਉੱਥੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਲੌਂਗੋਵਾਲ ਦੇ ਨਾਂ ਪ੍ਰਤੀ ਸਹਿਮਤ ਨਜ਼ਰ ਆ ਰਹੀ ਹੈ।

ਪਿਛਲੀਆਂ ਦੋ ਕਾਰਜਕਾਲਾਂ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਐੱਸਜੀਪੀਸੀ ਪ੍ਰਧਾਨ ਦੇ ਤੌਰ ‘ਤੇ ਨਿਭਾਈ ਸੇਵਾ ਤੋਂ ਅਕਾਲੀ ਦਲ ਲੀਡਰਸ਼ਿਪ ਸੰਤੁਸ਼ਟ ਹੈ। ਬੇਅਦਬੀ ਮਾਮਲੇ ਤੇ ਡੇਰਾ ਮੁਖੀ ਨੂੰ ਮਾਫ਼ੀ ਦੇ ਮੁੱਦੇ ‘ਤੇ ਅਕਾਲੀ ਦਲ ਸਿਆਸੀ ਤੌਰ ‘ਤੇ ਕਾਫ਼ੀ ਪੱਛੜ ਗਿਆ ਸੀ। ਪਰ ਇਸ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਿਭਾਈ ਗਈ ਪੰਥਕ ਭੁਮਿਕਾ ਕਾਰਨ ਅਕਾਲੀ ਦਲ ਖ਼ਿਲਾਫ਼ ਪੈਦਾ ਲੋਕਾਂ ਤੇ ਸੰਗਤ ਦੇ ਰੋਸ ‘ਚ ਕਾਫ਼ੀ ਕਮੀ ਆਈ। ਲੌਂਗੋਵਾਲ ਨੇ ਵੱਖ-ਵੱਖ ਵੱਡੇ ਧਾਰਮਿਕ ਸਮਾਗਮ ਕਰ ਕੇ ਸੰਗਤ ਦੇ ਅੰਦਰ ਅਕਾਲੀ ਦਲ ਖ਼ਿਲਾਫ਼ ਪੈਦਾ ਹੋਏ ਰੋਸ ਨੂੰ ਘੱਟ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ। ਵਿਵਾਦਾਂ ‘ਚ ਘਿਰੀ ਪੰਥਕ ਸਿਆਸਤ ਤੇ ਪੰਥ ਨੂੰ ਕੱਢਣ ‘ਚ ਲੌਂਗੋਵਾਲ ਦੀਆਂ ਨੀਤੀਆਂ ਕਾਫ਼ੀ ਸਫਲ ਰਹੀਆਂ ਹਨ। ਉੱਥੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਨਨਕਾਣਾ ਸਾਹਿਬ ਤੋਂ ਕੱਢੇ ਗਏ ਨਗਰ ਕੀਰਤਨ ਕਾਰਨ ਵੀ ਲੌਂਗੋਵਾਲ ਦਾ ਪ੍ਰਭਾਵ ਕਾਫ਼ੀ ਵਧਿਆ ਹੈ। ਸੁਲਤਾਨਪੁਰ ਲੋਧੀ ‘ਚ ਐੱਸਜੀਪੀਸੀ ਦੀ ਹੀ ਸਟੇਜ ‘ਤੇ ਮੁੱਖ ਸਮਾਗਮ ਕਰਵਾਏ ਜਾਣ ਨੂੰ ਲੈ ਕੇ ਲੌਂਗੋਵਾਲ ਸਫਲ ਰਹੇ ਹਨ। ਉੱਥੇ ਹੀ ਲੌਂਗੋਵਾਲ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਰਾਸ਼ਟਰੀ ਪੱਧਰ ਦੇ ਆਗੂਆਂ ਤਕ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਤੇ ਐੱਸਜੀਪੀਸੀ ਦੇ ਨਾਂ ਨੂੰ ਲੈ ਕੇ ਕਾਫ਼ੀ ਸਫਲ ਰਹੇ ਹਨ। ਇਸ ਕਾਰਨ ਵੀ ਲੌਂਗੋਵਾਲ ਪ੍ਰਤੀ ਅਕਾਲੀ ਦਲ ਲੀਡਰਸ਼ਿਪ ਨਰਮ ਵਿਚਾਰ ਰੱਖ ਰਹੀ ਹੈ। ਲੌਂਗੋਵਾਲ ਵੱਲੋਂ ਅਪਣਾਈ ਜਾ ਰਹੀ ਫਲੈਕਸੀਬਲ ਨੀਤੀ ਨੇ ਵੀ ਉਨ੍ਹਾਂ ਦਾ ਕੱਦ ਅਕਾਲੀ ਦਲ ‘ਚ ਵਧਾ ਦਿੱਤਾ ਹੈ। ਹੋਰਨਾਂ ਦੇ ਮੁਕਾਬਲੇ ਲੌਂਗੋਵਾਲ ਦਾ ਵਿਰੋਧ ਵੀ ਘੱਟ ਹੈ। ਜਿਸ ਕਾਰਨ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਲੌਂਗੋਵਾਲ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਜਾਵੇ।

ਇਸ ਵਾਰ ਪ੍ਰਕਾਸ਼ ਪੁਰਬ ਪ੍ਰੋਗਰਾਮਾਂ ਨੂੰ ਲੈ ਕੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ ਤੇ ਤੋਤਾ ਸਿੰਘ ਵੀ ਕਾਫ਼ੀ ਸਰਗਰਮ ਨਜ਼ਰ ਆਏ ਹਨ। ਇਨ੍ਹਾਂ ਆਗੂਆਂ ਦੀ ਵੀ ਪ੍ਰਧਾਨ ਬਣਨ ਦੀ ਇੱਛਾ ਹੈ। ਪਰ ਅਕਾਲੀ ਦਲ ਹਾਲੇ ਤਕ ਲੌਂਗੋਵਾਲ ‘ਤੇ ਹੀ ਜ਼ਿਆਦਾ ਭਰੋਸਾ ਪ੍ਰਗਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

Previous articleAlliance Against Gandhi Statues
Next articleਸਰਕਾਰ ਅਤੇ ਸਮਾਜ ਦੇ ਮੱਥੇ ‘ਤੇ ਕਲੰਕ ਚੰਗਾਲੀਵਾਲਾ ਕਾਂਡ : ਹਰਪਾਲ ਚੀਮਾ