ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਪਹਿਲੇ ਪੜਾਅ ਵਿਚ ਸਕੂਲ ਮੁਖੀਆਂ ਨੂੰ ਦਿਹਾਤੀ ਖੇਤਰ ਦੇ ਸਕੂਲਾਂ ਦੇ 40 ਫ਼ੀਸਦ ਅਤੇ ਸ਼ਹਿਰੀ ਸਕੂਲਾਂ ਵਿਚਲੇ 60 ਫ਼ੀਸਦ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਸਿੱਖਿਆ ਸਕੱਤਰ ਸਕੂਲ ਕ੍ਰਿਸ਼ਨ ਕੁਮਾਰ ਨੇ ਸਾਲ 2019-20 ਦੇ ਵਿਦਿਅਕ ਸੈਸ਼ਨ ਦੌਰਾਨ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ 20 ਨੁਕਾਤੀ ਪ੍ਰੋਗਰਾਮ ਮੁਹੱਈਆ ਕੀਤਾ ਹੈ, ਜਿਸ ਨੂੰ ਨਵੇਂ ਸੈਸ਼ਨ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਲਾਗੂ ਕਰਨ ਦਾ ਟੀਚਾ ਮਿਥਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮਿਥੇ 20 ਟੀਚੇ ਲਾਗੂ ਕਰਵਾਉਣ ਲਈ ਖੁਦ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਇਸ ਸਬੰਧੀ ਅਖੀਰਲੀ ਮੀਟਿੰਗ ਅੱਜ ਜ਼ਿਲ੍ਹਾ ਪਟਿਆਲਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਹੈ। ਇਨ੍ਹਾਂ ਮੀਟਿੰਗਾਂ ਵਿਚ ਮੁੱਖ ਤੌਰ ’ਤੇ ਹਾਈ ਸਕੂਲਾਂ ਦੇ ਦਿਹਾਤੀ ਖੇਤਰ ਦੇ ਸਕੂਲਾਂ ਦੇ 40 ਫ਼ੀਸਦ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਦੇ 60 ਫ਼ੀਸਦ ਵਿਦਿਆਰਥੀਆਂ ਦਾ ਮਾਧਿਅਮ ਅੰਗੇਰਜ਼ੀ ਕਰਵਾਉਣ ਬਾਰੇ ਚਰਚਾ ਚੱਲਦੀ ਹੈ। ਇਸ ਤੋਂ ਇਲਾਵਾ ਸਕੂਲ ਮੁਖੀਆਂ ਦੀ ਇਕ ਸਕੂਲ ਦੇ ਕੁੱਲ ਵਿਦਿਆਰਥੀਆਂ ਵਿੱਚੋਂ ਪੰਜ ਫ਼ੀਸਦ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਦੇ ਸਮਰੱਥ ਬਣਾਉਣ ਦੀ ਜ਼ਿੰਮੇਵਾਰੀ ਵੀ ਲਾਈ ਗਈ ਹੈ। ਹਰੇਕ ਵਿਦਿਆਰਥੀ ਨੂੰ ਅੰਗਰੇਜ਼ੀ ਤੇ ਪੰਜਾਬੀ ਦੇ 1000 ਸ਼ਬਦਾਂ ਦਾ ਗਿਆਨ ਦੇਣ ਦਾ ਟੀਚਾ ਵੀ ਮਿਥਿਆ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 40 ਤੋਂ 60 ਫ਼ੀਸਦ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦਾ ਟੀਚਾ ਕਿਸੇ ਤਰ੍ਹਾਂ ਵੀ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਵੇਗਾ ਸਗੋਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦਬਾਅ ਤੋਂ ਇਸ ਰਾਹ ਤੋਰਿਆ ਜਾਵੇਗਾ। ਬੁਲਾਰੇ ਅਨੁਸਾਰ ਇਸ ਮੁਹਿੰਮ ਤਹਿਤ ਕੇਵਲ ਸਾਇੰਸ ਤੇ ਗਣਿਤ ਵਿਸ਼ਿਆਂ ਦਾ ਮਾਧਿਅਮ ਹੀ ਅੰਗਰੇਜ਼ੀ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਅਜਿਹੀ ਪੜ੍ਹਾਈ ਕਰਨ ਲਈ ਭਵਿੱਖ ਵਿਚ ਮੁਸ਼ਕਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਇਹ ਫ਼ੈਸਲਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵੱਲ ਖਿੱਚਣ ਲਈ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੁਖੀਆਂ ਨੂੰ ਨਵੇਂ ਸੈਸ਼ਨ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਟੀਚੇ ਵੀ ਦਿੱਤੇ ਗਏ ਹਨ। ਇਸ ਤਹਿਤ ਸਕੂਲ ਮੁਖੀਆਂ ਨੂੰ ਦਿਹਾਤੀ ਖੇਤਰ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 15 ਫ਼ੀਸਦ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਵਿਚ 25 ਫ਼ੀਸਦ ਗਿਣਤੀ ਵਧਾਉਣ ਲਈ ਕਿਹਾ ਹੈ। ਇਸੇ ਤਰਾਂ ਸਰਕਾਰੀ ਸਹਾਇਤਾ ਪ੍ਰਾਪਤ ਸਮਾਰਟ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 30 ਫ਼ੀਸਦ ਵਧਾਉਣ ਦਾ ਟੀਚਾ ਦਿੱਤਾ ਹੈ। ਸਾਇੰਸ ਸਟਰੀਮ ਵਿਚ ਵੀ ਵਿਦਿਆਰਥੀਆਂ ਦੀ ਗਿਣਤੀ ਪੰਜ ਫ਼ੀਸਦ ਵਧਾਉਣ ਲਈ ਕਿਹਾ ਹੈ। ਸਿੱਖਿਆ ਵਿਭਾਗ ਨੇ ਸਕੂਲ ਮੁੱਖੀਆਂ ਨੂੰ ਪਹਿਲੇ 3 ਮਹੀਨਿਆਂ ਦੌਰਾਨ ਐੱਸਸੀਈਆਰਟੀ ਦੇ ਸਿਲੇਬਸ ਦਾ 20 ਫੀਸਦ ਹਿੱਸਾ ਮੁਕੰਮਲ ਕਰਨ ਦਾ ਟੀਚਾ ਵੀ ਦਿੱਤਾ ਹੈ।
INDIA ਸਰਕਾਰੀ ਸਕੂਲਾਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਸ਼ੁਰੂਆਤ