ਚੋਣ ਜ਼ਾਬਤਾ: ਮੋਦੀ ਨੂੰ ਕਲੀਨ ਚਿੱਟ

ਵਰਧਾ ’ਚ ਕੀਤੀ ਤਕਰੀਰ ਆਦਰਸ਼ ਚੋਣ ਜ਼ਾਬਤੇ ਮੁਤਾਬਕ ਕਰਾਰ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਧਾ ਵਿੱਚ ਚੋਣ ਰੈਲੀ ਦੌਰਾਨ ਕੀਤੀ ਤਕਰੀਰ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਮੋਦੀ ਦੀ ਇਸ ਤਕਰੀਰ ਨੂੰ ਆਦਰਸ਼ ਚੋਣ ਜ਼ਾਬਤੇ ਦਾ ਉਲੰਘਣ ਦੱਸਿਆ ਸੀ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਵਰਧਾ ਵਿੱਚ ਪਹਿਲੀ ਅਪਰੈਲ ਨੂੰ ਕੀਤੀ ਤਕਰੀਰ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਸੀ। ਸ੍ਰੀ ਮੋਦੀ ਨੇ ਤਕਰੀਰ ਦੌਰਾਨ ਵਇਆਨਾਡ ਤੋਂ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕਰਦਿਆਂ ‘ਇਸ਼ਾਰਾ’ ਕੀਤਾ ਸੀ ਕਿ ਕੇਰਲਾ ਸੰਸਦੀ ਹਲਕੇ ਵਿੱਚ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਵੱਧ ਹੈ।
ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘ਆਦਰਸ਼ ਚੋਣ ਜ਼ਾਬਤੇ ਤੇ ਲੋਕ ਨੁਮਾਇੰਦਗੀ ਐਕਟ ਦੇ ਦਿਸ਼ਾ-ਨਿਰਦੇਸ਼ਾਂ/ਵਿਵਸਥਾਵਾਂ ਤੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਦੀ ਰਿਪੋਰਟ ਮੁਤਾਬਕ ਇਸ ਸਾਰੇ ਮੁੱਦੇ ਦੀ ਤਫ਼ਸੀਲ ’ਚ ਕੀਤੀ ਜਾਂਚ ਮਗਰੋਂ ਕਮਿਸ਼ਨ ਦਾ ਇਹ ਵਿਚਾਰ ਹੈ ਕਿ ਇਸ ਮਾਮਲੇ (ਵਰਧਾ ਵਿੱਚ ਕੀਤੀ ਤਕਰੀਰ ਦੌਰਾਨ) ਵਿਚ ਕਿਸੇ ਤਰ੍ਹਾਂ ਵੀ ਉਲੰਘਣਾ ਨਹੀਂ ਹੋਈ।’ ਕਾਂਗਰਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਚੋਣ ਕਮਿਸ਼ਨ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ‘ਵੰਡਪਾਊ’ ਤਕਰੀਰਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਕਾਂਗਰਸ ਨੇ ਚੋਣ ਪੈਨਲ ਕੋਲ ਰਸਾਈ ਕਰਦਿਆਂ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀਆਂ ਚੋਣ ਰੈਲੀਆਂ ਦੌਰਾਨ ਬਾਲਾਕੋਟ ਹਵਾਈ ਹਮਲਿਆਂ ਤੇ ਪੁਲਵਾਮਾ ਦਹਿਸ਼ਤੀ ਹਮਲੇ ਜਿਹੇ ਮੁੱਦਿਆਂ ਨੂੰ ਉਭਾਰ ਕੇ ਦੇਸ਼ ਦੀ ਫ਼ੌਜ ਦੀ ਚੋਣ ਮੰਤਵਾਂ ਲਈ ਵਰਤੋਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

Previous articleShiv Sena demands ban on burqa in public places
Next articleਸਰਕਾਰੀ ਸਕੂਲਾਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਸ਼ੁਰੂਆਤ